ਰਿਆਦ: ਸਾਊਦੀ ਸਰਕਾਰ ਨੇ ਔਰਤਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਾਊਦੀ ਸਰਕਾਰ ਨੇ ਲਿੰਗੀ ਭੇਦਭਾਵ ਖਤਮ ਕਰਦੇ ਹੋਏ ਔਰਤਾਂ ਨੂੰ ਰੈਸਟੋਰੈਂਟ ਵਿਚ ਇਕੋ ਦਰਵਾਜੇ ਤੋਂ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਪਰਿਵਾਰਾਂ ਅਤੇ ਔਰਤਾਂ ਲਈ ਇਕ ਪ੍ਰਵੇਸ਼ ਦਰਵਾਜਾ ਹੋਣਾ ਲਾਜ਼ਮੀ ਸੀ ਅਤੇ ਦੂਜਾ ਪੁਰਸ਼ਾਂ ਲਈ।ਹੁਣ ਇਸ ਲਿੰਗੀ ਭੇਦਭਾਵ ਨੂੰ ਖਤਮ ਕਰ ਕੇ ਸਰਕਾਰ ਨੇ ਸ਼ਾਨਦਾਰ ਕਦਮ ਚੁਕਿਆ ਹੈ। ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਨੇ ਇਸ ਨੂੰ 2030 ਦੇ ਵਿਜ਼ਨ ਦਾ ਹਿੱਸਾ ਦੱਸਿਆ ਹੈ। ਐਤਵਾਰ ਨੂੰ ਸਾਊਦੀ ਮੰਤਰਾਲੇ ਦੀਆਂ ਨਗਰਪਾਲਿਕਾਵਾਂ ਨੇ ਕਿਹਾ ਕਿ ਰੈਸਟੋਰੈਂਟ ਨੂੰ ਹੁਣ ਸੈਕਸ-ਸੇਗ੍ਰੇਟੇਡ ਦਾਖਲਾ ਦਰਵਾਜਿਆਂ ਨੂੰ ਕਾਇਮ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਇਸ ਸੰਬੰਧੀ ਫੈਸਲਾ ਕਾਰੋਬਾਰਾਂ ਨੂੰ ਤੈਅ ਕਰਨ ਲਈ ਛੱਡ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਸਾਊਦੀ ਅਰਬ ਵਿਚ ਔਰਤਾਂ ਦੇ ਬਾਰੇ ਵਿਚ ਕਈ ਗਲਤ ਫਹਿਮੀਆਂ ਪ੍ਰਚਲਿਤ ਹਨ। ਨਵੰਬਰ 2017 ਵਿਚ ਮੱਧ ਪੂਰਬ ਦੇ ਗਲੋਬਲ ਫੋਰਮ ਵਿਚ ਸ਼ਿਰਕਤ ਕਰ ਰਹੀ ਸਾਊਦੀ ਦੀ ਇਕ ਮਹਿਲਾ ਨੇ ਇੱਥੇ ਔਰਤਾਂ ਦੀ ਸਥਿਤੀ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ।