ਨਵੀਂ ਦਿੱਲੀ: ਯੂਕਰੇਨ-ਰੂਸ ਜੰਗ ਕਾਰਨ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਸਿਲੰਡਰ ਦੇ ਰੇਟ ਵਿੱਚ 105 ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਵਪਾਰਕ ਐਲਪੀਜੀ ਸਿਲੰਡਰ ਵਿੱਚ ਕੀਤਾ ਗਿਆ ਹੈ। ਇਸ ਵਾਧੇ ਨਾਲ ਦਿੱਲੀ ‘ਚ ਮੰਗਲਵਾਰ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2, 012 ਰੁਪਏ ਹੋ ਜਾਵੇਗੀ।
ਇਸ ਦੇ ਨਾਲ ਹੀ 5 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ ਵੀ 27 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ 5 ਕਿਲੋ ਦੇ ਸਿਲੰਡਰ ਦੀ ਕੀਮਤ 569 ਰੁਪਏ ਹੋਵੇਗੀ। ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ 102 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਫਰਵਰੀ 2022 ਦਰਮਿਆਨ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ।
6 ਅਕਤੂਬਰ 2021 ਤੋਂ ਬਾਅਦ ਘਰੇਲੂ ਐਲਪੀਜੀ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਯਾਨੀ ਘਰੇਲੂ ਸਿਲੰਡਰ ਦੀ ਕੀਮਤ ‘ਚ ਫਿਲਹਾਲ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਮਹੀਨਾਵਾਰ ਸੋਧਿਆ ਜਾਂਦਾ ਹੈ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਨੈਸ਼ਨਲ ਆਇਲ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਸੀ।