ਊਨਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਤਹਿਸੀਲ ਹਰੋਲੀ ਅਧੀਨ ਪੈਂਦੇ ਬਥਰੀ ਉਦਯੋਗਿਕ ਖੇਤਰ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਸੱਤ ਮਜ਼ਦੂਰ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ 12 ਮਜ਼ਦੂਰ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਆਣ ਹਸਪਤਾਲ ਬਥਰੀ ਵਿਖੇ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀਸੀ ਊਨਾ ਵੱਲੋਂ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਸਵੇਰੇ ਕਰੀਬ 10:15 ਵਜੇ ਧਮਾਕਾ ਹੋਇਆ।
ਇੱਕ ਜ਼ਖਮੀ ਔਰਤ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਫੈਕਟਰੀ ਵਿੱਚ 30 ਤੋਂ 35 ਲੋਕ ਕੰਮ ਕਰ ਰਹੇ ਸਨ। ਅਚਾਨਕ ਜ਼ੋਰਦਾਰ ਧਮਾਕੇ ਨਾਲ ਫੈਕਟਰੀ ਵਿੱਚ ਅੱਗ ਲੱਗ ਗਈ। ਫੈਕਟਰੀ 'ਚ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਹਰੋਲੀ ਅਨਿਲ ਪਟਿਆਲ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀਸੀ ਊਨਾ ਰਾਘਵ ਸ਼ਰਮਾ, ਐਸਪੀ ਅਰਿਜੀਤ ਸੇਨ, ਇੰਡਸਟਰੀਜ਼ ਦੇ ਜਨਰਲ ਮੈਨੇਜਰ ਅੰਸ਼ੁਲ ਧੀਮਾਨ ਵੀ ਹਾਜ਼ਰ ਸਨ।