ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਰੈਲੀ ਵਿਚ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਕ ਵਾਰ ਉਨ੍ਹਾਂ ਵਿਧਾਨ ਸਭਾ ਵਿਚ ਝੋਲੀ ਅੱਡੀ ਸੀ ਪਰ ਅੱਜ ਉਹ ਰਾਹੁਲ ਗਾਂਧੀ ਕੋਲੋਂ ਝੋਲੀ ਅੱਡ ਕੇ ਇਕ ਵਚਨ ਲੈਣਾ ਚਾਹੁੰਦੇ ਹਨ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਕਿਸੇ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ, ਸਗੋਂ ਪੁਲਿਸ ਦੇ ਡੰਡੇ ਖਾਣ ਵਾਲੇ ਵਰਕਰਾਂ ਨੂੰ ਚੇਅਰਮੈਨ ਬਣਾਇਆ ਜਾਵੇਗਾ।
ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਪ੍ਰਧਾਨਗੀ ਛੱਡ ਦੇਣਗੇ
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਪ੍ਰਧਾਨਗੀ ਛੱਡ ਦੇਣਗੇ। ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਫਕੀਰ ਬਣਾ ਕੇ ਰੱਖ ਦਿੱਤਾ ਹੈ।
ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ’ਚੋਂ ਕੱਢ ਕੇ ਗੱਦਾਰਾਂ ਨੂੰ ਪਾਸੇ ਕਰ ਦਿੱਤਾ ਹੈ। ਕਾਂਗਰਸ ਵਿਚ ਇਕ ਨਵੀਂ ਕਹਾਣੀ ਲਿਖੀ ਜਾ ਰਹੀ, ਜਿਸ ਨੂੰ ਰਾਹੁਲ ਗਾਂਧੀ ਲਿਖ ਰਹੇ ਹਨ। ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਵਰਗੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਹੈ। ਅੱਜ ਬਦਲਾਅ ਨਜ਼ਰ ਆ ਰਿਹਾ।
ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਹਾਂ, ਅੱਜ ਮੈਂ ਮੈਂ ਡੰਕੇ ਦੀ ਚੋਟ ’ਤੇ ਕਹਿੰਦਾ ਹਾਂ ਕਿ ਜੇਕਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕਰ ਦੇਵਾਂਗਾ। ਚੋਰ ਮੋਰੀਆਂ ਖ਼ਤਮ ਕਰਕੇ ਲੋਕਾਂ ਦੇ ਪੈਸੇ ਲੋਕਾਂ ਨੂੰ ਦੇਵਾਂਗੇ, ਇਹੋ ਰਾਹੁਲ ਗਾਂਧੀ ਦਾ ਮਾਡਲ ਹੈ।