ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਤਾਵਰਨ ਤੇ ਰੁਜ਼ਗਾਰ ਜਿਹੇ ਅਸਲ ਮੁੱਦਿਆਂ ਤੋਂ ਗੋਆ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਹਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੀਤਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਐਤਕੀਂ ਸਾਹਿਲੀ ਰਾਜ ਵਿੱਚ ਪੂਰੇ ਬਹੁਮੱਤ ਨਾਲ ਸਰਕਾਰ ਬਣਾਏਗੀ।
ਦੱਸਣਯੋਗ ਹੈ ਕਿ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ 14 ਫਰਵਰੀ ਨੂੰ ਗੋਆ ਅਸੈਂਬਲੀ ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ਸੀਟਾਂ ਜਿੱਤੇਗੀ ਤੇ ਚੋਣਾਂ ਮਗਰੋਂ ਹੋਰਨਾਂ ਪਾਰਟੀਆਂ ਨਾਲ ਕਿਸੇ ਗੱਠਜੋੜ ਦੀ ਲੋੜ ਨਹੀਂ ਪਏਗੀ।
ਉਨ੍ਹਾਂ ਕਿਹਾ, ‘‘ਮੋਦੀ ਗੋਆ ਆਏ ਹਨ ਕਿਉਂਕਿ ਉਹ ਇਥੋਂ ਦੇ ਲੋਕਾਂ ਦਾ ਧਿਆਨ ਰੁਜ਼ਗਾਰ, ਵਾਤਾਵਰਨ ਜਿਹੇ ਅਸਲ ਮੁੱਦਿਆਂ ਤੋਂ ਲਾਂਭੇ ਕਰਨਾ ਚਾਹੁੰਦੇ ਹਨ...ਕੀ ਉਨ੍ਹਾਂ ਇਨ੍ਹਾਂ ਮੁੱਦਿਆਂ ਬਾਰੇ ਇਕ ਵੀ ਸ਼ਬਦ ਬੋਲਿਆ? ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਵੀ ਵਾਤਾਵਰਨ ਬਾਰੇ ਕੋਈ ਜ਼ਿਕਰ ਨਹੀਂ ਹੈ।’’
ਯਾਦ ਰਹੇ ਕਿ PM ਮੋਦੀ ਨੇ ਵੀਰਵਾਰ ਨੂੰ ਮਾਪੂਸਾ ਨੇੜੇ ਕੀਤੀ ਚੋਣ ਰੈਲੀ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਹਵਾਲੇ ਨਾਲ ਕਿਹਾ ਸੀ ਕਿ ਗੋਆ ਨੂੰ ਪੁਰਤਗਾਲ ਰਾਜ ਤੋਂ 15 ਸਾਲ ਦੇਰੀ ਨਾਲ ਆਜ਼ਾਦੀ ਮਿਲੀ।
ਰਾਹੁਲ ਗਾਂਧੀ ਨੇ ਕਿਹਾ, ‘‘ਆਜ਼ਾਦੀ ਘੁਲਾਟੀਏ ਇਸ ਮੁੱਦੇ ’ਤੇ ਟਿੱਪਣੀ ਕਰ ਚੁੱਕੇ ਹਨ। ਸਿੱਖਿਆ ਸਾਸ਼ਤਰੀਆਂ ਨੇ ਵੀ ਆਪਣੀ ਗੱਲ ਰੱਖੀ ਹੈ। ਉਦਾਸ ਪੱਖ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਵੇਲਿਆਂ ਦੇ ਇਤਿਹਾਸ ਦੀ ਕੋਈ ਸਮਝ ਨਹੀਂ ਹੈ।
ਉਨ੍ਹਾਂ ਨੂੰ ਨਹੀਂ ਪਤਾ ਕਿ ਦੂਜੀ ਆਲਮੀ ਜੰਗ ਮਗਰੋਂ ਕੀ ਕੁਝ ਚੱਲ ਰਿਹਾ ਸੀ। ਉਹ (ਮੋਦੀ) ਗੋਆ ਆ ਰਹੇ ਹਨ ਤਾਂ ਕਿ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾ ਸਕੇ।’’
ਰਾਹੁਲ ਨੇ ਕਿਹਾ ਕਿ ਭਾਜਪਾ ਨੇ ਗੋਆ ਦੇ ਲੋਕਾਂ ਵੱਲੋਂ ਕਾਂਗਰਸ ਨੂੰ ਦਿੱਤਾ ਬਹੁਮੱਤ ਖੋਹ ਕੇ ਪਿਛਲੇ ਪੰਜ ਸਾਲ ਇਥੇ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਐਤਕੀਂ ਪੂਰਨ ਬਹੁਮਤ ਨਾਲ ਗੋਆ ’ਚ ਸਰਕਾਰ ਬਣਾਏਗੀ ਤੇ ਕਿਸੇ ਨਾਲ ਕੋਈ ਗੱਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 40 ਮੈਂਬਰੀ ਗੋਆ ਵਿਧਾਨ ਸਭਾ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ।