ਲਾਹੌਰ : ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੀ 550ਵੇਂ ਜਨਮ ਦਿਹਾੜੇ ਦੌਰਾਨ ਕਰਤਾਰਪੁਰ ਕੋਰੀਡੋਰ ਅਤੇ ਦੇਸ਼ ਦੇ ਹੋਰਨਾਂ 'ਗੁਰਦਆਰਿਆਂ' ਦੇ ਦਰਸ਼ਨ ਕਰਨ ਲਈ ਜਾਣ ਵਾਲੇ ਗੈਰ-ਭਾਰਤੀ ਸਿੱਖਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਕਰਤਾਰਪੁਰ ਕੋਰੀਡੋਰ ਸਮਝੌਤੇ ਦੇ ਤਹਿਤ, ਇਕ ਦਿਨ ਲਈ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਉਹ ਸਿਰਫ ਗੁਰਦੁਆਰਾ ਬਾਬਾ ਗੁਰੂ ਨਾਨਕ ਜੀ ਦੇ ਦਰਸ਼ਨ ਕਰ ਪਾਉਣਗੇ। ਹਾਲਾਂਕਿ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਦੀ ਜ਼ਰੂਰਤ ਹੋਵੇਗੀ ਅਤੇ ਉਹ ਹੋਰ ਧਾਰਮਿਕ ਸਥਾਨਾਂ 'ਤੇ ਵੀ ਜਾ ਸਕਣਗੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਇਕ ਸੂਤਰ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਲਾਹੌਰ ਤੋਂ ਕਰੀਬ 125 ਕਿਲੋਮੀਟਰ ਦੂਰ ਕਰਤਾਰਪੁਰ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਣ ਲਈ ਯੂਰਪ, ਕੈਨੇਡਾ ਅਤੇ ਅਮਰੀਕਾ ਦੇ (ਗੈਰ-ਭਾਰਤੀ) ਸਿੱਖਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰੇਗੀ। ਅਧਿਕਾਰੀ ਨੇ ਆਖਿਆ ਕਿ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਹੋਰ ਪਾਕਿ ਸਥਾਨਾਂ 'ਤੇ ਜਾਣ ਲਈ ਵੀਜ਼ਾ ਹਾਸਲ ਕਰਨਾ ਹੋਵੇਗਾ।