ਤਹਿਰਾਨ : ਈਰਾਨ 'ਚ ਆਨਰ ਕਿਲਿੰਗ ਕੋਈ ਨਵੀਂ ਗੱਲ ਨਹੀਂ ਹੈ, ਜਿੱਥੇ ਪਹਿਲਾਂ ਵਿਆਹ ਅਤੇ ਫਿਰ ਅਜਿਹੇ ਕਤਲ ਆਮ ਗੱਲ ਹਨ। ਤਾਜ਼ਾ ਮਾਮਲਾ ਅਹਵਾਜ ਸ਼ਹਿਰ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ 17 ਸਾਲਾ ਪਤਨੀ ਅਤੇ ਉਸਦੇ ਭਰਾ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਹੰਕਾਰ ਨਾਲ ਸੜਕਾਂ 'ਤੇ ਘੁੰਮਦਾ ਰਿਹਾ। ਇਸ ਘਟਨਾ ਤੋਂ ਬਾਅਦ ਦੇਸ਼ 'ਚ ਕਾਫੀ ਗੁੱਸਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਮੌਜੂਦ ਸਨ। ਹਾਲਾਂਕਿ ਬਾਅਦ 'ਚ ਨਿਯਮਾਂ ਤਹਿਤ ਇਨ੍ਹਾਂ ਨੂੰ ਹਟਾ ਦਿੱਤਾ ਗਿਆ।
ਮਾਮਲਾ ਕੀ ਹੈ
ਘਟਨਾ 6 ਫਰਵਰੀ ਦੀ ਦੱਸੀ ਜਾ ਰਹੀ ਹੈ, ਪਰ ਹੁਣ ਇਸ ਦਾ ਖੁਲਾਸਾ ਹੁਣ ਹੋਇਆ ਹੈ। ਅਹਵਾਜ ਸ਼ਹਿਰ ਈਰਾਨ ਦੇ ਦੱਖਣ-ਪੱਛਮ ਵਿੱਚ ਹੈ। ਇੱਥੋਂ ਦੀ ਜ਼ਿਆਦਾਤਰ ਆਬਾਦੀ ਪੜ੍ਹੇ ਲਿਖੇ ਅਤੇ ਮੱਧ ਵਰਗ ਦੀ ਹੈ। ਇੱਥੇ 17 ਸਾਲਾ ਮੋਨਾ ਹੈਦਰੀ ਆਪਣੇ ਪਤੀ ਨਾਲ ਰਹਿੰਦੀ ਸੀ। ਉਸ ਦਾ ਭਰਾ ਵੀ ਮੋਨਾ ਨਾਲ ਉਸੇ ਘਰ ਰਹਿੰਦਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੋਨਾ ਦੇ ਪਤੀ ਨੂੰ ਉਸ ਦੇ ਚਰਿੱਤਰ 'ਤੇ ਸ਼ੱਕ ਸੀ। ਦੋਵਾਂ ਦਾ ਇੱਕ ਪੁੱਤਰ ਵੀ ਹੈ। 6 ਫਰਵਰੀ ਨੂੰ ਪਤੀ ਨੇ ਮੋਨਾ ਅਤੇ ਉਸਦੇ ਭਰਾ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ। ਇਸ ਦੌਰਾਨ ਤਿੰਨ ਸਾਲ ਦਾ ਬੇਟਾ ਰੋਂਦਾ ਰਿਹਾ। ਮੋਨਾ ਦਾ ਸਿਰ ਸਰੀਰ ਤੋਂ ਵੱਖ ਕਰਨ ਤੋਂ ਬਾਅਦ ਉਹ ਹੱਥਾਂ 'ਚ ਲੈ ਕੇ ਸੜਕਾਂ 'ਤੇ ਘੁੰਮਦਾ ਰਿਹਾ ਅਤੇ ਲੋਕ ਵੀਡੀਓ ਬਣਾਉਂਦੇ ਰਹੇ।
ਜਾਣਕਾਰੀ ਮੁਤਾਬਕ ਮੋਨਾ ਦਾ ਵਿਆਹ ਸਿਰਫ 12 ਸਾਲ ਦੀ ਉਮਰ 'ਚ ਹੋਇਆ ਸੀ ਅਤੇ ਉਹ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਵਿਆਹ ਤੋਂ ਬਾਅਦ ਉਸ ਦੇ ਇੱਕ ਪੁੱਤਰ ਵੀ ਹੋਇਆ। ਪੁਲਿਸ ਨੇ ਮੋਨਾ ਦੇ ਪਤੀ ਸਮੇਤ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੋਨਾ ਦੇ ਮਾਤਾ-ਪਿਤਾ ਸਮੇਤ ਪੂਰਾ ਪਰਿਵਾਰ ਪਿਛਲੇ ਦਿਨੀਂ ਤੁਰਕੀ ਚਲਾ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਮੋਨਾ ਦੇ ਕਿਸੇ ਹੋਰ ਵਿਅਕਤੀ ਨਾਲ ਅਫੇਅਰ ਬਾਰੇ ਪਤਾ ਲੱਗਾ ਸੀ।
ਈਰਾਨ 'ਚ ਔਰਤਾਂ ਦੇ ਅਧਿਕਾਰਾਂ ਦੀ ਆਵਾਜ਼ ਕਹੀ ਜਾਣ ਵਾਲੀ ਉਪ ਰਾਸ਼ਟਰਪਤੀ ਅੰਸੀ ਖਜ਼ਾਲੀ ਨੇ ਇਹ ਮਾਮਲਾ ਸੰਸਦ 'ਚ ਉਠਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਪੈਣਗੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸੋਸ਼ਲ ਅਤੇ ਮੇਨ ਸਟ੍ਰੀਮ ਮੀਡੀਆ ਵਿੱਚ ਵੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਈਰਾਨ ਦੇ ਸੰਵਿਧਾਨ ਵਿੱਚ ਹੀ ਇੱਕ ਖਾਮੀ ਹੈ। ਦਰਅਸਲ, ਸੰਵਿਧਾਨ ਦੀ ਧਾਰਾ 630 ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਗਲਤ ਕੰਮ ਕਰਦਾ ਦੇਖਦਾ ਹੈ ਤਾਂ ਉਸ ਨੂੰ ਪਤਨੀ ਦੀ ਹੱਤਿਆ ਦਾ ਦੋਸ਼ੀ ਨਹੀਂ ਮੰਨਿਆ ਜਾਵੇਗਾ। ਦੂਜੇ ਸ਼ਬਦਾਂ ਵਿਚ, ਸੰਵਿਧਾਨ ਖੁਦ ਕਤਲ ਦੀ ਇਜਾਜ਼ਤ ਦਿੰਦਾ ਹੈ।