ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਜਾਫਰਾਬਾਦ ਜ਼ਿਲ੍ਹੇ ਵਿੱਚ ਇੱਕ ਗ੍ਰਨੇਡ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਐਤਵਾਰ ਰਾਤ ਨੂੰ ਜਾਫਰਾਬਾਦ ਜ਼ਿਲ੍ਹੇ ਦੇ ਡੇਰਾ ਅੱਲ੍ਹਾਯਾਰ ਕਸਬੇ ਵਿੱਚ ਇੱਕ ਵਿਅਸਤ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਨੇੜੇ ਇੱਕ ਹੈਂਡ ਗ੍ਰਨੇਡ ਸੁੱਟਿਆ। ਉਨ੍ਹਾਂ ਨੇ ਦੱਸਿਆ ਕਿ ਹਮਲੇ ‘ਚ ਦੋ ਟਰੈਫਿਕ ਕਾਂਸਟੇਬਲਾਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ।
ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਜ਼ਖ਼ਮੀਆਂ ਨੂੰ ਲਰਕਾਨਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਬੇ ’ਚ ਅੱਤਵਾਦੀ ਤੇ ਬਲੋਚ ਵੱਖਵਾਦੀ ਸੁਰੱਖਿਆ ਬਲਾਂ ਤੇ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੇਂਜੋ ਤੇ ਅਸੈਂਬਲੀ ਸਪੀਕਰ ਮੀਰ ਜਾਨ ਮੁਹੰਮਦ ਖ਼ਾਨ ਜਮਾਲੀ ਨੇ ਘਟਨਾ ਦੀ ਨਿੰਦਾ ਕੀਤੀ ਤੇ ਇਸ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਹੈ।
ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਲੰਬੇ ਸਮੇਂ ਤੋਂ ਹਿੰਸਕ ਬਗਾਵਤ ਦਾ ਘਰ ਹੈ। ਬਲੋਚ ਵਿਦਰੋਹੀ ਸਮੂਹ ਪਹਿਲਾਂ ਵੀ ਇਸ ਖੇਤਰ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਪ੍ਰੋਜੈਕਟਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕਰ ਚੁੱਕੇ ਹਨ। ਸ਼ੁੱਕਰਵਾਰ ਨੂੰ, ਸੂਬੇ ਦੇ ਸੂਈ ਖੇਤਰ ਵਿੱਚ ਸੁਰੱਖਿਆ ਬਲਾਂ ਦੇ ਇੱਕ ਵਾਹਨ ਦੇ ਇੱਕ ਬਾਰੂਦੀ ਸੁਰੰਗ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ ਚਾਰ ਵਿਅਕਤੀ ਮਾਰੇ ਗਏ ਅਤੇ ਇੱਕ ਦਰਜਨ ਜ਼ਖ਼ਮੀ ਹੋ ਗਏ।