ਚੰਡੀਗੜ੍ਹ : ਪੰਜਾਬ ਵਿੱਚ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕੇਂਦਰ ਨੇ ਰਾਜ ਨੂੰ ਹਰ ਰੋਜ਼ ਡੀਏਪੀ ਦੇ 7 ਰੈਕ ਦੇਣ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਨੇ ਦਾਅਵਾ ਕੀਤਾ ਹੈ ਕਿ ਹੁਣ ਇੱਕ ਹਫ਼ਤੇ ਵਿੱਚ ਸੂਬੇ ਵਿੱਚ ਹਾਲਾਤ ਆਮ ਵਾਂਗ ਹੋ ਜਾਣਗੇ। ਇਸ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ 45 ਰੈਕ ਦੀ ਡੀਏਪੀ ਖਾਦ ਬਕਾਇਆ ਪਈ ਹੈ। ਨਾਭਾ ਨੇ ਦੱਸਿਆ ਕਿ ਜੇਕਰ ਰੋਜ਼ਾਨਾ ਸੱਤ ਰੈਕ ਆ ਜਾਣ ਤਾਂ ਪੰਜਾਬ ਦੀ ਸਾਰੀ ਘਾਟ ਇੱਕ ਹਫ਼ਤੇ ਵਿੱਚ ਪੂਰੀ ਹੋ ਜਾਵੇਗੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਡੀ.ਏ.ਪੀ ਦੀ ਸਪਲਾਈ ਸਬੰਧੀ ਭਾਰਤ ਸਰਕਾਰ ਦੇ ਸਕੱਤਰ ਨਾਲ ਗੱਲਬਾਤ ਕੀਤੀ ਗਈ ਹੈ, ਉਨ੍ਹਾਂ ਵੱਲੋਂ ਇਸ ਦੀ ਵੰਡ ਦਾ ਭਰੋਸਾ ਦਿੱਤਾ ਗਿਆ ਹੈ।
ਨਾਭਾ ਨੇ ਡੀ.ਏ.ਪੀ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਾਈਕਰੋ ਪਲਾਨਿੰਗ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਰੈਗੂਲਰ ਸਟਾਕ ਦੀ ਜਾਂਚ ਕਰਨ ਲਈ ਇੱਕ ਵਰਚੁਅਲ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਡੀਏਪੀ ਸਪਲਾਇਰ ਕੰਪਨੀਆਂ ਵੱਲੋਂ 15 ਤੋਂ 20 ਨਵੰਬਰ ਤੱਕ 32 ਡੀਏਪੀ ਰੈਕਾਂ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸਬੰਧਤ ਡੀਏਪੀ ਸਪਲਾਇਰਾਂ ਨੂੰ ਮੰਗ ਪੱਤਰ ਸੌਂਪਣ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੁੱਲ 2.56 ਲੱਖ ਮੀਟਰਕ ਟਨ ਦੀ ਅਲਾਟਮੈਂਟ ਦੇ ਮੁਕਾਬਲੇ ਹੁਣ ਤੱਕ 32 ਰੈਕ (87744 ਮੀਟਰਕ ਟਨ) ਪ੍ਰਾਪਤ ਹੋ ਚੁੱਕੇ ਹਨ ਅਤੇ 6 ਹੋਰ ਰੈਕ (18095 ਮੀਟਰਕ ਟਨ) ਆ ਰਹੇ ਹਨ ਅਤੇ ਜਲਦੀ ਹੀ ਪ੍ਰਾਪਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਵੱਲੋਂ 14 ਹੋਰ ਰੈਕ (41514 ਮੀਟਰਕ ਟਨ) ਦੀ ਮੰਗ ਕੀਤੀ ਗਈ ਹੈ।