ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਚੀਫ਼ ਵਿਜੀਲੈਂਸ ਅਫ਼ਸਰ ਬੀਕੇ ਉੱਪਲ ਅਤੇ ਹੋਰਨਾਂ ਖ਼ਿਲਾਫ਼ ਦਾਇਰ ਮਾਣਹਾਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਐਚ.ਐਸ.ਸਿੱਧੂ ਨੇ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ। ਇਸ ਦੇ ਨਾਲ ਹੀ ਪਟੀਸ਼ਨ 'ਤੇ ਸੁਣਵਾਈ ਲਈ ਨਵੇਂ ਬੈਂਚ ਦਾ ਗਠਨ ਕਰਨ ਲਈ ਚੀਫ਼ ਜਸਟਿਸ ਨੂੰ ਕਿਹਾ ਗਿਆ ਹੈ। ਸੁਮੇਧ ਸਿੰਘ ਸੈਣੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਉਹ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ 18 ਅਗਸਤ ਨੂੰ ਵਿਜੀਲੈਂਸ ਦਫ਼ਤਰ ਪੁੱਜੇ ਸਨ। ਜ਼ਮਾਨਤ ਮਿਲਣ ਦੇ ਬਾਵਜੂਦ ਵਿਜੀਲੈਂਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਹਾਈ ਕੋਰਟ 'ਚ ਗੈਰ-ਕਾਨੂੰਨੀ ਹਿਰਾਸਤ ਨਾਲ ਸਬੰਧਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ 19 ਅਗਸਤ ਦੀ ਦੇਰ ਰਾਤ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਸੈਣੀ ਨੇ ਦੋਸ਼ ਲਾਇਆ ਕਿ ਉਸ ਨੂੰ ਵਿਜੀਲੈਂਸ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਹੁਕਮਾਂ ਦੀ ਉਲੰਘਣਾ ਹੈ। ਇਸ ਸਭ ਦੇ ਬਾਵਜੂਦ ਅਜਿਹਾ ਕੀਤਾ ਗਿਆ ਜੋ ਸਿੱਧੇ ਤੌਰ 'ਤੇ ਅਦਾਲਤ ਦੀ ਬੇਇੱਜ਼ਤੀ ਦੇ ਬਰਾਬਰ ਹੈ। ਆਉਣ ਵਾਲੀਆਂ ਚੋਣਾਂ ਕਾਰਨ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਸੈਣੀ ਨੇ ਚੀਫ ਵਿਜੀਲੈਂਸ ਅਫਸਰ ਬੀਕੇ ਉੱਪਲ, ਜੁਆਇੰਟ ਡਾਇਰੈਕਟਰ ਵਿਜੀਲੈਂਸ ਵਰਿੰਦਰ ਸਿੰਘ ਬਰਾੜ ਅਤੇ ਡੀਐਸਪੀ ਵਰਿੰਦਰ ਸਿੰਘ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਦੀ ਮੰਗ ਕੀਤੀ ਹੈ।