ਚੰਡੀਗੜ੍ਹ : ਇਕ ਮੁਸਲਿਮ ਪਤੀ ਨੂੰ ਤਿੰਨ ਤਲਾਕ ਦੇਣਾ ਉਸ ਵੇਲੇ ਔਖਾ ਹੋ ਗਿਆ ਜਦੋਂ ਉਸ ਵਿਰੁਧ ਪਰਚਾ ਦਰਜ ਹੋ ਗਿਆ। ਹੁਣ ਪਤਨੀ ਦੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਸਖਤੀ ਤੋਂ ਬਾਅਦ ਹੁਣ ਮਲੇਰਕੋਟਲਾ ਪੁਲਿਸ ਦੀ ਨੀਂਦ ਉੱਡ ਗਈ ਹੈ ਅਤੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਹੁਣ ਮੁਸਲਿਮ ਵੂਮੈਨ ਐਕਟ ਤਹਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਨਫੀਸ ਬੇਗਮ ਨੇ ਦੱਸਿਆ ਸੀ ਕਿ ਉਸ ਦਾ ਵਿਆਹ 5 ਨਵੰਬਰ 2011 ਨੂੰ ਅਬਦੁਲ ਰਸ਼ੀਦ ਨਾਲ ਹੋਇਆ ਸੀ। ਵਿਆਹ ਸਮੇਂ ਕਾਫੀ ਦਾਜ ਦਿੱਤਾ ਗਿਆ ਸੀ ਪਰ ਉਸ ਦੇ ਸਹੁਰੇ ਇਸ ਤੋਂ ਖੁਸ਼ ਨਹੀਂ ਸਨ ਅਤੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। 27 ਜੂਨ 2019 ਨੂੰ ਪਟੀਸ਼ਨਕਰਤਾ ਦੇ ਪਤੀ ਨੇ ਪਟੀਸ਼ਨਕਰਤਾ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਤੋਂ ਬਾਅਦ ਇਸ ਸੰਦਰਭ 'ਚ ਪਟੀਸ਼ਨਕਰਤਾ ਦੇ ਪਤੀ ਅਤੇ ਸਹੁਰੇ ਖਿਲਾਫ ਵੀ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ।
ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ 20 ਜੂਨ, 2020 ਨੂੰ ਪਤੀ ਨੇ ਉਸ ਨੂੰ ਤਿੰਨ ਵਾਰ ਤਲਾਕ ਬੋਲਿਆ। ਇਸ ਤੋਂ ਬਾਅਦ ਪਟੀਸ਼ਨਰ ਨਾਲ ਆਪਣੀ ਨਵੀਂ ਪਤਨੀ ਦੀ ਫੋਟੋ ਵੀ ਸ਼ੇਅਰ ਕੀਤੀ। ਪਟੀਸ਼ਨਕਰਤਾ ਨੇ ਇਸ ਸਬੰਧੀ 23 ਜੂਨ 2020 ਅਤੇ 22 ਸਤੰਬਰ 2020 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ, ਪਰ ਨਾ ਤਾਂ ਕੋਈ ਕਾਰਵਾਈ ਹੋਈ ਅਤੇ ਨਾ ਹੀ ਐਫ.ਆਈ.ਆਰ. ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ।
ਇਹ ਮਾਮਲਾ ਇੱਕ ਸਾਲ ਤੋਂ ਹਾਈ ਕੋਰਟ ਵਿੱਚ ਵਿਚਾਰ ਅਧੀਨ ਸੀ ਅਤੇ ਪਿਛਲੀ ਸੁਣਵਾਈ ਤੱਕ ਜਵਾਬ ਦਾਖ਼ਲ ਨਾ ਕਰਨ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਇਸ ਸਬੰਧ 'ਚ ਜਵਾਬ ਨਾ ਦਿੱਤਾ ਗਿਆ ਤਾਂ ਅਗਲੀ ਸੁਣਵਾਈ 'ਤੇ ਸਰਕਾਰ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਹਾਈ ਕੋਰਟ ਦੀ ਸਖ਼ਤੀ ਕਾਰਨ ਹੁਣ ਪੰਜਾਬ ਪੁਲਿਸ ਨੇ ਪਟੀਸ਼ਨਰ ਦੇ ਪਤੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਹੁਣ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।