ਚੰਡੀਗੜ੍ਹ : ਮੌਸਮ ਵਿਭਾਗ ਦਾ ਕਹਿਣਾ ਹੈ ਪੱਛਮੀ ਹਵਾਵਾਂ ਕਾਰਨ ਇਹ ਮੀਂਹ ਪਿਆ ਹੈ, ਜਿਸ ਕਾਰਨ ਅਚਾਨਕ ਤਾਪਮਾਨ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਤਾਪਮਾਨ ਥੋੜ੍ਹਾ ਉੱਪਰ ਵੱਲ ਜਾਵੇਗਾ। ਦਰਅਸਲ ਚੰਡੀਗੜ੍ਹ ਦੇ ਆਸਪਾਸ ਦੇ ਇਲਾਕਿਆਂ ਵਿਚ ਪਿਛਲੇ 2 ਦਿਨਾਂ ਅੰਦਰ ਪਏ ਮੀਂਹ ਨੇ ਮੌਸਮ ਵਿਚ ਠੰਡਕ ਵਧਾ ਦਿੱਤੀ ਹੈ। ਰਾਤਾਂ ਤੋਂ ਬਾਅਦ 2 ਦਿਨਾਂ ਤੋਂ ਦਿਨ ਵਿਚ ਠੰਡਕ ਦਾ ਅਹਿਸਾਸ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 1.7 ਐੱਮ. ਐੱਮ. ਮੀਂਹ ਵਿਭਾਗ ਨੇ ਦਰਜ ਕੀਤਾ ਹੈ। ਹਾਲਾਂਕਿ ਮੀਂਹ ਜ਼ਿਆਦਾ ਨਹੀਂ ਪਿਆ ਪਰ ਪਹਾੜਾਂ ’ਤੇ ਹੋਈ ਬਰਫ਼ਬਾਰੀ ਅਤੇ ਮੀਂਹ ਨੇ ਠੰਡਕ ਵਧਾਉਣ ਦਾ ਕੰਮ ਕੀਤਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ ਵਿਚ 4 ਡਿਗਰੀ ਦੀ ਗਿਰਾਵਟ ਦੇਖੀ ਗਈ, ਉੱਥੇ ਸੋਮਵਾਰ ਨੂੰ ਵੱਧ ਤੋਂ ਵੱਧ ਪਾਰਾ 8 ਡਿਗਰੀ ਡਿੱਗ ਗਿਆ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਰਿਕਾਰਡ ਹੋਇਆ ਹੈ, ਜੋ ਆਮ ਨਾਲੋਂ 8 ਡਿਗਰੀ ਘੱਟ ਹੈ।