ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਅਤੇ ਜੰਮੂ ਵਿਚ ਅਤਿਵਾਦੀਆਂ ਦੀਆਂ ਕਾਰਵਾਈਆਂ ਵੱਧ ਗਈਆਂ ਹਨ ਅਤੇ ਅਤਿਵਾਦੀਆਂ ਵਲੋਂ ਮਾਸੂਮਾਂ ਦੀ ਜਾਨ ਲਈ ਜਾ ਰਹੀ ਹੈ। ਇਸੇ ਸਬੰਧ ਵਿਚ ਹੁਣ ਭਾਰਤ ਨੇ ਸਖ਼ਤ ਕਾਰਵਾਈ ਦਾ ਮਨ ਬਣਾ ਲਿਆ ਹੈ। ਦਰਅਸਲ ਜੰਮੂ-ਕਸ਼ਮੀਰ 'ਚ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਖ਼ਿਲਾਫ਼ ਆਖਰੀ ਹਮਲੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਰਤ ਨੂੰ ਢਾਹ ਲਾਉਣ ਵਾਲੇ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਸਬਕ ਸਿਖਾਉਣ ਲਈ ਫ਼ੌਜ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਤਿਆਰੀ ਕੀਤੀ ਜਾ ਰਹੀ ਹੈ ਕਿ ਘਾਟੀ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇ। ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਸਮੀਖਿਆ ਦੌਰਾਨ ਸਾਰੇ ਸੂਬਿਆਂ ਦੇ ਪੁਲਿਸ ਜਨਰਲਾਂ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਡਾਇਰੈਕਟਰ ਜਨਰਲ ਅਤੇ ਖੁਫੀਆ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਬਾਅਦ ਅੱਤਵਾਦ 'ਤੇ ਚਾਰੇ ਪਾਸਿਓਂ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ, ਜਿਸ ਤਹਿਤ ਵਿਸ਼ੇਸ਼ ਟੀਮ ਵੀ ਕਸ਼ਮੀਰ ਪਹੁੰਚ ਚੁੱਕੀ ਹੈ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੂੰ ਜੰਮੂ-ਕਸ਼ਮੀਰ ਭੇਜਿਆ ਗਿਆ ਹੈ। ਇੰਨਾ ਹੀ ਨਹੀਂ, IB, NIA, ਆਰਮੀ, ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਡੇਰਾ ਲਾਈ ਬੈਠੇ ਹਨ। ਜੋ ਹਰ ਖੁਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਅੱਤਵਾਦੀਆਂ ਦੀ ਇਸ ਨਵੀਂ ਸਾਜ਼ਿਸ਼ ਨੂੰ ਤੁਰੰਤ ਖਤਮ ਕੀਤਾ ਜਾ ਸਕੇ।