ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕਰ ਦਿਤਾ ਹੈ ਅਤੇ ਸਾਫ਼ ਸਾਫ਼ ਕਹਿ ਦਿਤਾ ਹੈ ਕਿ ਉਹ ਆਉਦੀਆਂ ਚੋਣਾਂ ਵਿਚ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਦੇ ਇਸ ਐਲਾਨ ਮਗਰੋਂ ਸਿਆਸੀ ਲੋਕਾਂ ਵਿਚ ਇਕ ਤਰ੍ਹਾਂ ਦੀ ਹਲਚਲ ਮੱਚ ਗਈ ਹੈ। ਇਥੇ ਇਹ ਵੀ ਦਸ ਦਈਏ ਕਿ ਕਿਸਾਨ ਆਗੂ ਦੇ ਇਸ ਬਿਆਨ ਨੂੰ ਲੈ ਕੇ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਉਨ੍ਹਾਂ ਦੇ ਇਸ ਐਲਾਨ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਸਮਰੱਥਨ ਹੈ ਅਤੇ ਉਹ ਇਸੇ ਬਲ ਉਤੇ ਚੋਣ ਲੜਨਗੇ। ਇਥੇ ਆ ਕੇ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਕਿਉਂਕਿ ਅਕਾਲੀਆਂ ਦਾ ਵੋਟ ਬੈਂਕ ਸਿਰਫ਼ ਕਿਸਾਨਾਂ ਉਪਰ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਕਾਂਗਰਸੀਆਂ ਨੂੰ ਵੀ ਹੁਣ ਨਵੀਂ ਵਿਉਂਤਬੰਦੀ ਕਰਨੀ ਪਵੇਗੀ। ਦਰਅਸਲ ਹੁਣ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਹੇਠ ਚਲ ਰਹੇ ਸੰਘਰਸ਼ ਦੌਰਾਨ ਕਈ ਮੁੱਦਿਆਂ 'ਤੇ ਮਤਭੇਦ ਹੋਣ ਤੋਂ ਬਾਅਦ ਅਪਣਾ ਅਲੱਗ ਰਾਹ ਬਣਾ ਕੇ ਚਲ ਰਹੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ ''ਫ਼ੈਸਲੇ ਲੈਣ ਤੇ ਕਿਸਮਤ ਬਦਲਣ ਲਈ ਸੱਤਾ ਦਾ ਹੱਥ ਵਿਚ ਹੋਣਾ ਬਹੁਤ ਜ਼ਰੂਰੀ ਹੈ।'' ਇਸ ਆਗੂ ਨੇ ਅਪਣੇ ਬਿਆਨ ਨੂੰ ਮੁੜ ਦੁਹਰਾਉਂਦਆਂ ਐਲਾਨ ਕੀਤਾ ਕਿ ''ਉਹ ਅਪਣੇ ਪਹਿਲੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਤਿਆਰੀਆਂ ਕਰ ਰਹੇ ਹਨ।'' ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਚੋਣਾਂ ਵਿਚ ਹਿੱਸਾ ਲੈਣ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹੈ ਪ੍ਰੰਤੂ ਉਹ ਮਿਸ਼ਨ ਪੰਜਾਬ ਨੂੰ ਸ਼ੁਰੂ ਕਰ ਚੁੱਕੇ ਹਨ ਤੇ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਆਉਣ ਵਾਲੀਆਂ ਚੋਣਾਂ ਲਈ ਇਕਜੁਟ ਹੋਣ ਦਾ ਸੱਦਾ ਦਿਤਾ।