ਉਤਰ ਪ੍ਰਦੇਸ਼ : ਲਖੀਮਪੁਰ ਹਿੰਸਾ ਮਾਮਲਾ ਦਿਨੋਂ-ਦਿਨ ਕਾਫੀ ਭਖਦਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਵੱਲੋਂ ਕਿਸਾਨਾਂ ਦੇ ਬਚਾਅ ਵਿਚ ਦਿੱਤੇ ਗਏ ਬਿਆਨ ’ਤੇ ਭਾਜਪਾ ਨੇਤਾ ਦੁਸ਼ਯੰਤ ਗੌਤਮ ਭੜਕ ਉਠੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਇੱਕ ਨੀਤੀ ਹੈ ਜਿਸ ਮੁਤਾਬਕ ਹਰ ਕਾਰਵਾਈ ਲਈ ਬਰਾਬਰ ਪ੍ਰਤੀਕਿਰਿਆ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਸਵਾਲ ਕੀਤਾ ਕੀ ਕਤਲ ਦੀ ਹਰ ਘਟਨਾ ਦਾ ਜਵਾਬ ਕਿਸੇ ਨੂੰ ਮਾਰ ਕੇ ਦੇਣਾ ਚਾਹੀਦਾ ਹੈ?
ਭਾਜਪਾ ਨੇਤਾ ਦੁਸ਼ਯੰਤ ਗੌਤਮ ਨੇ ਕਿਹਾ ਕਿ ਵਿਰੋਧੀ ਧਿਰ ਸਿਰਫ ਲਖੀਮਪੁਰ ਖੀਰੀ ਮੁੱਦੇ ਦਾ ਸਿਆਸੀਕਰਨ ਕਰ ਰਹੀ ਹੈ। ਸੱਚਮੁੱਚ ਕਿਸਾਨਾਂ ਦੇ ਨਾਲ ਖੜ੍ਹਨਾ ਇੱਕ ਚੰਗੀ ਗੱਲ ਹੈ ਪਰ ਇਹ ਸਿਆਸੀ ਫਾਇਦਿਆਂ ਲਈ ਅਜਿਹਾ ਕੀਤਾ ਜਾਣਾ ਕੀ ਸਹੀ ਹੈ? ਸਾਡੇ ਦੇਸ਼ ਵਿੱਚ ਕਾਨੂੰਨ ਵਿਵਸਥਾ ਹੈ। ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਬੀਕੇਯੂ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਹਿੰਸਾ ਦੌਰਾਨ ਭਾਜਪਾ ਵਰਕਰਾਂ ਦੀ ਮੌਤ ਉਨ੍ਹਾਂ ਦੀ ਕਾਰਵਾਈ ਦਾ ਪ੍ਰਤੀਕਰਮ ਸੀ। ਉਨ੍ਹਾਂ ਕਿਹਾ ਕਿ ਤਿੰਨ ਭਾਜਪਾ ਵਰਕਰਾਂ ਦੀ ਮੌਤ ਕਤਲ ਨਹੀਂ ਸੀ ਕਿਉਂਕਿ ਇਸ ਘਟਨਾ ਵਿੱਚ ਕੋਈ ਯੋਜਨਾ ਸ਼ਾਮਲ ਨਹੀਂ ਸੀ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਨਿਚਰਵਾਰ ਨੂੰ ਲਖੀਮਪੁਰ ਹਿੰਸਾ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਦੇ ਲਈ ਯੂਪੀ ਪੁਲਿਸ ਐਸਆਈਟੀ ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ ਸਨ। ਕਰੀਬ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਵਿਚ ਮੈਜਿਸਟਰੇਟ ਨੇ ਆਸ਼ੀਸ਼ ਮਿਸ਼ਰਾ ਨੂੰ 11 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਦੱਸ ਦੇਈਏ ਕਿ 3 ਅਕਤੂਬਰ ਨੂੰ ਲਖੀਮਪੁਰ ਵਿੱਚ ਹੋਈ ਹਿੰਸਾ ਦੌਰਾਨ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ।