ਉੱਤਰ ਪ੍ਰਦੇਸ਼ : ਲਖੀਮਪੁਰ ਖੀਰੀ ਜ਼ਿਲ੍ਹੇ ’ਚ ਹੋਏ ਬਵਾਲ ’ਚ ਮਾਰੇ ਗਏ 4 ਕਿਸਾਨਾਂ ’ਚੋਂ 2 ਕਿਸਾਨਾਂ ਦੇ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਪਰਿਵਾਰ ਵਾਲੇ ਪੋਸਟਮਾਰਟਮ ਰਿਪੋਰਟ ਦੇਖਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕਰਨ ਦੀ ਗੱਲ ’ਤੇ ਅੜ੍ਹੇ ਹੋਏ ਹਨ। ਉਥੇ, ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੋਸਟਮਾਰਟਮ ਰਿਪੋਰਟ ’ਚ ਕੋਈ ਖੇਡ ਹੋ ਸਕਦੀ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਲਖਨਊ ਰੇਂਜ ਦੀ ਆਈ.ਜੀ. ਲਕਸ਼ਮੀ ਸਿੰਘ ਧੌਰਹਰਾ ਦੇ ਕਿਸਾਨ ਨਛੱਤਰ ਸਿੰਘ ਦੇ ਪਿੰਡ ਪਹੁੰਚੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅੰਤਿਮ ਸੰਸਕਾਰ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ’ਚ ਜੁੱਟੀ ਹੋਈ ਹੈ। ਦਰਅਸਲ, ਲਖੀਮਪੁਰ ਖੀਰੀ ਜ਼ਿਲ੍ਹੇ ’ਚ ਬੀਤੇ ਦਿਨ ਹੋਏ ਹਿੰਸਕ ਬਵਾਲ ’ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਦੇ ਚੱਲਦੇ ਪਲੀਆ ਦੇ ਲਵਪ੍ਰਤੀ ਸਿੰਘ ਅਤੇ ਧੌਰਹਰਾ ’ਚ ਕਿਸਾਨ ਨਛੱਤਰ ਸਿੰਘ ਦਾ ਮੰਗਲਵਾਰ ਸਵੇਰੇ ਭਾਵ ਕਿ ਅੱਜ ਅੰਤਿਮ ਸੰਸਕਾਰ ਹੋਣਾ ਸੀ। ਜਿਸ ਦੇ ਚੱਲਦੇ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰਨ ਤੋ ਇਨਕਾਰ ਕਰ ਦਿੱਤਾ।ਉਥੇ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਜੇ ਤੱਕ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਦਿੱਤੀ ਗਈ। ਇਸ ਮਾਮਲੇ ਨੂੰ ਵਧਦਾ ਦੇਖ ਜ਼ਿਲ੍ਹੇ ਭਰ ਦੇ ਸਥਾਨਕ ਨੇਤਾ ਵੀ ਪਿੰਡ ਪਹੁੰਚ ਗਏ ਹਨ।