ਨਵੀਂ ਦਿੱਲੀ : ਬੀਤੀ ਸ਼ਾਮ ਕਰੀਬ 9 ਵਜੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਬੰਦ ਹੋ ਗਈਆਂ ਸਨ। ਪਰ 6 ਘੰਟਿਆਂ ਮਗਰੋਂ ਇਹ ਸੇਵਾਵਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਹਨ। ਮੰਗਲਵਾਰ ਸਵੇਰੇ 4 ਦੇ ਕਰੀਬ ਇਨ੍ਹਾਂ ਤਿੰਨ ਮੁੱਖ ਐਪਸ ਨੇ ਕੰਮ ਕਰਨਾ ਸ਼ੁਰੂ ਕੀਤਾ। ਤਿੰਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਦੁਬਾਰਾ ਚਾਲੂ ਹੋਣ ਦੀ ਜਾਣਕਾਰੀ ਫੇਸਬੁੱਕ ਅਤੇ ਇਸ ਦੇ ਸੀ. ਈ. ਓ. ਮਾਰਕ ਜੁਕਰਬਰਗ ਨੇ ਵੀ ਦਿੱਤੀ, ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਇਸ ਦੌਰਾਨ ਹੋਈ ਪਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ।
ਜੁਕਰਬਰਗ ਨੇ ਕਿਹਾ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਮੈਸੇਂਜਰ ਫਿਰ ਤੋਂ ਆਨਲਾਈਨ ਹੋ ਗਏ ਹਨ। ਜਾਣਕਾਰੀ ਮੁਤਾਬਕ ਭਾਰਤ 'ਚ ਬੀਤੀ ਰਾਤ ਕਰੀਬ 9 ਵਜੇ ਇਨ੍ਹਾਂ ਐਪਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਵਟਸਐਪ 'ਤੇ ਜਿੱਥੇ ਲੋਕ ਮੈਸਜ ਨਹੀਂ ਭੇਜ ਪਾ ਰਹੇ ਸਨ ਤਾਂ ਇੰਸਟਾਗ੍ਰਾਮ 'ਤੇ ਕੋਈ ਪੋਸਟ ਦਿਖਾਈ ਨਹੀਂ ਦੇ ਰਹੀ ਸੀ। ਇਸ ਤੋਂ ਇਲਾਵਾ ਫੇਸਬੁੱਕ 'ਤੇ ਵੀ ਯੂਜ਼ਰਸ ਪੋਸਟ ਕਰਨ 'ਚ ਅਸਮਰੱਥ ਸਨ।
ਇਨ੍ਹਾਂ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਨਾ ਕਰ ਪਾਉਣ 'ਤੇ ਯੂਜ਼ਰਸ ਨੇ ਹੋਰ ਸਾਈਟਾਂ ਦਾ ਸਹਾਰਾ ਲਿਆ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਯੂਜ਼ਰਸ ਤਿੰਨਾਂ ਐਪਸ ਦੇ ਡਾਊਨ ਹੋਣ ਦੀ ਗੱਲ ਕਰਦੇ ਦਿਖੇ। ਕੁੱਝ ਹੀ ਦੇਰ 'ਚ ਟਵਿੱਟਰ 'ਤੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਡਾਊਨ ਹੋਣ ਨਾਲ ਸਬੰਧਿਤ ਹੈਸ਼ਟੈਗ ਟਰੈਂਡ ਕਰਨ ਲੱਗਾ ਅਤੇ ਉਸ 'ਤੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹੋਏ ਦਿਖਾਈ ਦਿੱਤੇ। ਹਾਲਾਂਕਿ ਇਸ ਦੌਰਾਨ ਕੁੱਝ ਯੂਜ਼ਰਸ ਮਜ਼ੇ ਲੈਣਾ ਵੀ ਨਹੀਂ ਭੁੱਲੇ ਅਤੇ ਉਨ੍ਹਾਂ ਨੇ ਜੰਮ ਕੇ ਮੀਮਜ਼ ਸ਼ੇਅਰ ਕੀਤੇ।
ਕਰੀਬ 6 ਮਹੀਨੇ ਪਹਿਲਾਂ ਵੀ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਪੂਰੀ ਦੁਨੀਆ 'ਚ 42 ਮਿੰਟ ਤੱਕ ਠੱਪ ਰਹੇ ਸਨ। ਉਸ ਸਮੇਂ ਰਾਤ ਦੇ 11.05 ਮਿੰਟ 'ਤੇ ਸ਼ੁਰੂ ਹੋਈ ਇਹ ਸਮੱਸਿਆ 11.47 ਵਜੇ ਤੱਕ ਰਹੀ ਸੀ। ਦੁਨੀਆ 'ਚ ਵਟਸਐਪ 5 ਅਰਬ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।