ਵਾਸ਼ਿੰਗਟਨ : ਅਮਰੀਕਾ ਵਿਚ ਇਕ ਵੱਡੀ ਉਮਰ ਦੇ ਪੰਜਾਬੀ ਦਾ ਕਤਲ ਕਰ ਦਿਤਾ ਗਿਆ। ਇਹ ਪੰਜਾਬੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਦਸਿਆ ਜਾ ਰਿਹਾ ਹੈ। ਦਰਅਸਲ ਬੀਤੇ ਦਿਨੀਂ ਰਾਤ ਨੂੰ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਨਵੁੱਡ ਵਿਖੇ ਲੰਘੇ ਐਤਵਾਰ ਵਾਲੇ ਦਿਨ ਇਕ ਗੈਸ ਸਟੇਸ਼ਨ ਉੱਤੇ ਕੰਮ ਕਰਦੇ ਪੰਜਾਬੀ ਤੇਜਪਾਲ ਸਿੰਘ ਉਮਰ (60) ਸਾਲ ਨੂੰ ਇੱਕ ਨਾਕਾਬਪੋਸ਼ ਲੁਟੇਰੇ ਵੱਲੋ ਕਤਲ ਕਰ ਦਿੱਤਾ ਗਿਆ ਹੈ। ਲੁਟੇਰਾ ਲੁੱਟ ਦੀ ਨੀਅਤ ਦੇ ਨਾਲ ਉਸ ਗੈਸ ਸਟੇਸ਼ਨ ਵਿਖੇ ਦਾਖਲ ਹੋਇਆ ਸੀ।
ਜਾਣਕਾਰੀ ਅਨੁਸਾਰ ਲੈਨਵੁੱਡ ਗੈਸ ਸਟੇਸ਼ਨ ਉੱਤੇ ਕੰਮ ਕਰਦੇ 60 ਸਾਲਾ ਤੇਜਪਾਲ ਸਿੰਘ ’ਤੇ ਸਵੇਰੇ 5.40 ਵਜੇ ਲੁਟੇਰੇ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਤੇਜਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਨਜ਼ਦੀਕ ਪਿੰਡ ਸਰੀਂਹ ਦੇ ਨਾਲ ਪਿਛੋਕੜ ਰੱਖਦਾ ਸੀ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਦੇ ਸਿਆਟਲ ਦੇ ਲੈਨਵੁੱਡ ਸ਼ਹਿਰ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਫਿਲਹਾਲ ਪੁਲਿਸ ਇਸ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ, ਪ੍ਰੰਤੂ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਏਗੀ।