Friday, November 22, 2024
 

ਸਿਆਸੀ

ਨਵਜੋਤ ਸਿੱਧੂ ਤੋਂ ਬਾਅਦ ਅਸਤੀਫਿਆਂ ਦਾ ਦੌਰ ਸ਼ੁਰੂ, ਹੁਣ ਇਕ ਹੋਰ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ

September 28, 2021 07:00 PM

ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦੇ ਅੰਦਰ ਇਕ ਹੋਰ ਅਹਿਮ ਹਲਚਲ ਹੋਈ ਹੈ।

ਮਲੇਰਕੋਟਲਾ ਤੋਂ ਵਿਧਾਇਕ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਵੀ ਸਿੱਧੂ ਦੇ ਹੱਕ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਵੀ ਕੈਬਨਿਟ ਮੰਤਰੀ ਰਹੇ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਇਸ ਵਾਰ ਸ:ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਦੇ 50 ਘੰਟਿਆਂ ਦੇ ਅੰਦਰ ਹੀ ਸਿੱਧੂ ਦੇ ਸਮਰਥਨ ਵਿੱਚ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।

ਅੱਜ ਹੀ ਅਹੁਦਾ ਸੰਭਾਲਣ ਮਗਰੋਂ ਸ੍ਰੀਮਤੀ ਰਜ਼ੀਆ ਸੁਲਤਾਨਾ (Razia Sultana) ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਮਿਲਣ ’ਤੇ ਆਪਣੇ ਪਤੀ ਸਾਬਕਾ DGPਅਤੇ ਸ:ਸਿੱਧੂ ਦੇ ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ ਸ਼੍ਰੀ ਮੁਹੰਮਦ ਮੁਸਤਫ਼ਾ ਦੇ ਨਾਲ ਸਿੱਧੂ ਦੇ ਪਟਿਆਲਾ ਸਥਿਤ ਗ੍ਰਹਿ ਵਿਖੇ ਪੁੱਜੇ। ਕੁਝ ਹੀ ਦੇਰ ਬਾਅਦ ਸ਼੍ਰੀ ਮੁਸਤਫ਼ਾ ਨੇ ਆਪਣੀ ਪਤਨੀ ਦਾ ਅਸਤੀਫ਼ਾ ਟਵੀਟ ਕਰਦਿਆਂ ਲਿਖ਼ਿਆ ਕਿ ਉਹਨਾਂ ਨੂੰ ਆਪਣੀ ਪਤਨੀ ’ਤੇ ਮਾਣ ਹੈ।

ਰਜ਼ੀਆ ਸੁਲਤਾਨਾ ਨੇ ਅੰਗਰੇਜ਼ੀ ਵਿੱਚ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਨਾਂਅ ਲਿਖੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਹ ਪੰਜਾਬ ਦੇ ਹਿਤ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਲੱਖਾਂ ਵਰਕਰਾਂ ਦੇ ਸਮਰਥਨ ਵਿੱਚ ਆਪਣਾ ਅਸਤੀਫ਼ਾ ਦੇ ਰਹੇ ਹਨ। ਉਹਨਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ ਹੈ।

ਕਿਹਾ ਜਾ ਰਿਹਾ ਹੈ ਕਿ ਸ:ਸਿੱਧੂ ਨੂੰ ਨਵੇਂ ਐਡਵੋਕੇਟ ਜਨਰਲ ਏ.ਪੀ.ਐਸ.ਦਿਉਲ ਦੀ ਨਿਯੁਕਤੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਇਹ ਕਦਮ ਚੁੱਕਿਆ ਹੈ। ਪਤਾ ਲੱਗਾ ਹੈ ਕਿ ਸਿੱਧੂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸਤੀਫ਼ਾ ਵਾਪਸ ਲੈਣ ਦਾ ਸਵਾਲ ਹੀ ਨਹੀਂ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe