ਨਵੀਂ ਦਿੱਲੀ : ਸ਼ਾਰਜਾਹ ਵਿਚ IPL ਦੇ ਮੈਚ ਵਿਚ ਸ਼ਨਿਚਰਵਾਰ ਨੂੰ ਪੰਜਾਬ ਕਿੰਗਜ਼ ਦੀ ਟੀਮ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ ਸਿਰਫ਼ 125 ਦੌੜਾਂ ਦਾ ਸਕੋਰ ਹੀ ਬਣਾ ਸਕੀ। ਪੰਜਾਬ ਵੱਲੋਂ ਸਭ ਤੋਂ ਵੱਧ ਦੌੜਾਂ ਮਾਰਕਰੈਮ ਨੇ ਬਣਾਈਆਂ ਜਿਨ੍ਹਾਂ ਨੇ 32 ਗੇਂਦਾਂ ’ਚ ਦੋ ਚੌਕਿਆਂ ਦੀ ਮਦਦ ਨਾਲ 27 ਦੌੜਾਂ ਦਾ ਯੋਗਦਾਨ ਦਿੱਤਾ ਪਰ ਇਸ ਤੋਂ ਬਾਅਦ ਉਸ ਨੇ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨਰਾਈਜ਼ਰਜ਼ ਦੀ ਟੀਮ ਨੂੰ 120 ਦੌੜਾਂ ’ਤੇ ਰੋਕ ਕੇ ਪੰਜ ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਇਸ ਜਿੱਤ ਨਾਲ ਪੰਜਾਬ ਨੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੇਨ ਨੇ ਪਿਛਲੇ ਮੈਚ ਦੀ ਹੀ ਟੀਮ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ ਜਦਕਿ ਪੰਜਾਬ ਦੇ ਕਪਤਾਨ ਰਾਹੁਲ ਨੇ ਆਖ਼ਰੀ ਇਲੈਵਨ ਵਿਚ ਤਿੰਨ ਤਬਦੀਲੀਆਂ ਕੀਤੀਆਂ। ਉਨ੍ਹਾਂ ਨੇ ਫੇਬੀਅਨ ਏਲੇਨ, ਇਸ਼ਾਨ ਪੋਰੇਲ ਤੇ ਆਦਿਲ ਰਾਸ਼ਿਦ ਨੂੰ ਬਾਹਰ ਕੀਤਾ ਤੇ ਉਨ੍ਹਾਂ ਦੀ ਥਾਂ ਰਵੀ ਬਿਸ਼ਨੋਈ, ਕ੍ਰਿਸ ਗੇਲ ਤੇ ਏਲਿਸ ਨੂੰ ਆਖ਼ਰੀ ਇਲੈਵਨ ਵਿਚ ਥਾਂ ਦਿੱਤੀ।