ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਹਿਲਾ ਪੁਲਿਸ ਕਰਮਚਾਰੀਆਂ ਨੂੰ ਹੁਣ 12 ਘੰਟੇ ਦੀ ਬਜਾਏ 8 ਘੰਟੇ ਡਿਉਟੀ ਕਰਨੀ ਪਵੇਗੀ।
ਪੁਲਿਸ ਦੇ ਡਾਇਰੈਕਟਰ ਜਨਰਲ (DGP) ਸੰਜੇ ਪਾਂਡੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀ ਡਿਉਟੀ ਘਟਾਉਣ ਦਾ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਉੱਧਵ ਠਾਕਰੇ ਅਤੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਹੁਣ ਮਹਿਲਾ ਪੁਲਿਸ ਕਰਮਚਾਰੀਆਂ ਦੀ ਡਿਉਟੀ ਘਟਾ ਕੇ ਸਿਰਫ 8 ਘੰਟੇ ਕਰ ਦਿੱਤੀ ਹੈ।
ਇਸ ਫੈਸਲੇ 'ਤੇ ਐਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਸੂਬਾ ਸਰਕਾਰ ਦੇ ਫੈਸਲੇ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਆਪਣੇ ਘਰਾਂ ਵੱਲ ਵੀ ਧਿਆਨ ਦੇਣ ਦਾ ਸਮਾਂ ਮਿਲੇਗਾ। ਉਨ੍ਹਾਂ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਠਾਕਰੇ, ਗ੍ਰਹਿ ਮੰਤਰੀ ਪਾਟਿਲ ਸਮੇਤ ਸਮੁੱਚੀ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਹੈ।