ਵਾਸ਼ਿੰਗਟਨ : ਮਿਆਂਮਾਰ ਵਿਚ ਰੋਹਿੰਗੀਆ ਭਾਈਚਾਰੇ ਦੀ ਅਮਰੀਕਾ ਨੇ ਬਾਂਹ ਫੜੀ ਹੈ। ਦਰਅਸਲ ਮਿਆਂਮਾਰ ਤੋਂ ਆਏ 7 ਲੱਖ ਤੋਂ ਵੱਧ ਰੋਹਿੰਗਿਆ ਰਫ਼ਿਊਜੀਆਂ ਦੀ ਮਦਦ ਲਈ ਅਮਰੀਕਾ 180 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਥੌਮਸ ਨੇ ਬਰਮਾ, ਬੰਗਲਾਦੇਸ਼ ਅਤੇ ਇਸ ਖੇਤਰ ਵਿੱਚ ਹੋਰ ਥਾਵਾਂ ’ਤੇ ਰੋਹਿੰਗਿਆ ਰਫ਼ਿਊਜੀ ਸੰਕਟ ਦੀ ਮਾਰ ਝੱਲ ਰਹੇ ਲੋਕਾਂ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਨੇਡ ਪ੍ਰਾਈਸ ਨੇ ਕਿਹਾ ਕਿ ਅਗਸਤ 2017 ਤੋਂ ਹੁਣ ਤੱਕ 1.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਮਦਦ ਰੋਹਿੰਗੀਆ ਰਫਿਊਜੀਆਂ ਤੱਕ ਪਹੁੰਚ ਗਈ ਹੈ। 7 ਲੱਖ 40 ਹਜ਼ਾਰ ਤੋਂ ਵੱਧ ਰੋਹਿੰਗੀਆ ਰਫ਼ਿਊਜੀਆਂ ਨੂੰ ਮਿਆਂਮਾਰ ਦੇ ਰਖਾਇਨ ਸੂਬੇ ਵਿੱਚ ਜਾਤੀ ਹਿੰਸਾ ਅਤੇ ਹੋਰ ਭਿਆਨਕ ਜ਼ੁਲਮਾਂ ਅਤੇ ਦੁਰਵਿਹਾਰ ਕਾਰਨ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਮਿਆਂਮਾਰ ’ਚ 1 ਫਰਵਰੀ ਨੂੰ ਤਖ਼ਤਾਪਲਟ ਤੋਂ ਬਾਅਦ ਉਥਲ-ਪੁਥਲ ਮਚੀ ਹੋਈ ਹੈ।
ਸੀਨੀਅਰ ਜਨਰਲ ਮਿੰਗ ਆਂਗ ਹੱਲੰਗ ਦੀ ਅਗਵਾਈ ਵਿੱਚ ਮਿਆਂਮਾਰ ਦੀ ਫ਼ੌਜ ਨੇ ਸਰਕਾਰ ਨੂੰ ਹਟਾ ਕੇ ਇੱਕ ਸਾਲ ਲਈ ਐਮਰਜੰਸੀ ਲਾਈ ਹੋਈ ਹੈ। ਤਖ਼ਤਾਪਲਟ ਕਾਰਨ ਦੇਸ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਨੂੰ ਰੋਕਣ ਲਈ ਫ਼ੌਜ ਨੇ ਹਿੰਸਾ ਦਾ ਸਹਾਰਾ ਲਿਆ। ਅਮਰੀਕੀ ਵਿਦੇਸ਼ ਵਿਭਾਗ ਨੇ ਫ਼ੌਜੀ ਸੱਤਾ ਦੀ ਹਿੰਸਾ ਰੋਕਣ, ਜਬਰਨ ਹਿਰਾਸਤ ਵਿੱਚ ਲਏ ਸਾਰੇ ਲੋਕਾਂ ਨੂੰ ਰਿਹਾਅ ਕਰਨ, ਮਿਆਂਮਾਰ ਵਿੱਚ ਫਿਰ ਤੋਂ ਲੋਕਤੰਤਰ ਬਹਾਲ ਕਰਨ ਅਤੇ ਆਸਿਆਨ ਦੀ ਪੰਜ ਸੂਤਰੀ ਸਮਝੌਤਾ ਲਾਗੂ ਕਰਨ ਦੀ ਅਪੀਲ ਕੀਤੀ ਹੈ।