Friday, November 22, 2024
 

ਸਿਆਸੀ

ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਚੰਨੀ ਵਲੋਂ ਪਹਿਲੀ ਪ੍ਰੈਸ ਕਾਨਫਰੰਸ, ਕੀਤੇ ਵੱਡੇ ਐਲਾਨ

September 20, 2021 02:44 PM

ਕਿਹਾ, ਸੂਬੇ ਵਿਚੋਂ ਮਾਫਿਆ ਰਾਜ ਦਾ ਕੀਤਾ ਜਾਵੇਗਾ ਸਫਾਇਆ

ਚੰਡੀਗੜ੍ਹ : ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ (Charanjit Singh Channi) ਵਲੋਂ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਨੇ ਇਕ ਆਮ ਆਦਮੀ ਨੂੰ ਮੁੱਖ ਮੰਤਰੀ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕ੍ਰਾਂਤੀਕਾਰੀ ਅਤੇ ਗਰੀਬਾਂ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਮੇਰੇ ਸਿਰ 'ਤੇ ਛੱਤ ਵੀ ਨਹੀਂ ਸੀ ਅਤੇ ਮੈਂ ਆਪਣੀ ਮਾਂ ਨਾਲ ਟੋਭੇ 'ਚੋਂ ਗਾਰਾ ਲੈ ਕੇ ਆਉਂਦਾ ਸੀ ਜਿਸ ਵਿਚ ਤੂੜੀ ਪਾ ਕੇ ਅਸੀਂ ਘਰ ਦੀਆਂ ਕੰਧਾਂ 'ਤੇ ਫੇਰਦੇ ਸੀ। ਇਸ ਦੌਰਾਨ ਭਾਵੁਕ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਇਕ ਗਰੀਬ ਨੂੰ ਉਥੇ ਲਿਆ ਕੇ ਬਿਠਾਇਆ ਹੈ, ਜਿੱਥੇ ਮੇਰੀ ਔਕਾਤ ਨਹੀਂ ਸੀ।

ਉਨ੍ਹਾਂ ਕਿਹਾ ਕਿ ਮੈਂ ਸਿਰਫ ਦਲਿਤਾਂ ਦਾ ਨਹੀਂ ਸਗੋਂ ਸਾਰੀਆਂ ਧਿਰਾਂ ਦਾ ਸਾਂਝਾ ਨੁਮਾਇੰਦਾ ਹਾਂ। ਮੈਨੂੰ ਬਸ ਉਹੀ ਲੋਕ ਮਿਲਣ ਆਉਣ ਜਿਹੜੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਮਾਫੀਆ ਚਲਾਉਣ ਵਾਲੇ ਮੈਨੂੰ ਨਾ ਮਿਲਣ। ਉਨ੍ਹਾਂ ਕਿਹਾ ਕਿ ਮੈਂ ਰਿਕਸ਼ਾ ਚਲਾਉਣ ਵਾਲਿਆਂ ਦਾ ਨੁਮਾਇੰਦਾ ਹਾਂ। ਅੱਜ ਪੰਜਾਬ ਵਿਚ ਆਮ ਲੋਕਾਂ ਦਾ ਰਾਜ ਸਥਾਪਤ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡੇ ਐਲਾਨ ਕੀਤੇ।
ਚਰਨਜੀਤ ਚੰਨੀ (Charanjit Singh Channi) ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਕਾਂਗਰਸ ਹਾਈਕਮਾਨ ਨੇ ਇਕ ਆਮ ਆਦਮੀ ਨੂੰ ਜਿਸ ਦੇ ਪੱਲੇ ਕੁੱਝ ਨਹੀਂ ਸੀ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨਾਲ ਖੜ੍ਹਾਂ ਹਾਂ ਅਤੇ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਮਾਫਿਆ ਰਾਜ ਦਾ ਸਫਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਸਸਤੀ ਕਰਨ ਸਣੇ ਹਾਈਕਮਾਨ ਵੱਲੋਂ ਦਿੱਤੇ 18 ਏਜੰਡੇ ਤੈਅ ਸਮੇਂ ਵਿਚ ਪੂਰੇ ਕੀਤੇ ਜਾਣਗੇ। ਚੰਨੀ ਨੇ ਕਿਹਾ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਬਿਜਲੀ ਕੁਨੈਕਸ਼ਨ ਇਸ ਕਰਕੇ ਨਹੀਂ ਕੱਟਿਆ ਜਾਵੇਗਾ ਕਿ ਉਸ ਨੇ ਬਿੱਲ ਨਹੀਂ ਤਾਰਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਗਰੀਬ ਪਰਿਵਾਰਾਂ ਦੇ ਪਿਛਲੇ ਪੰਜ ਸਾਲਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਕਿਸੇ ਪਰਿਵਾਰ ਦਾ ਪਾਣੀ ਦਾ ਬਿੱਲ ਵੀ ਨਹੀਂ ਆਵੇਗਾ।
ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਅਪੀਲ ਕਰਦੇ ਹਨ। ਉਨ੍ਹਾਂ (Charanjit Singh Channi) ਕਿਹਾ ਕਿ ਜੇ ਕਿਸਾਨ ਡੁੱਬਿਆ ਤਾਂ ਪੰਜਾਬ ਡੁੱਬੇਗਾ ਅਤੇ ਜੇ ਪੰਜਾਬ ਡੁੱਬਿਆ ਤਾਂ ਦੇਸ਼ ਡੁੱਬ ਜਾਵੇਗਾ। ਉਹ ਕਿਸਾਨਾਂ ਲਈ ਸਭ ਕੁੱਝ ਕੁਰਬਾਨ ਕਰਨ ਲਈ ਤਿਆਰ ਹਨ। ਕੈਪਟਨ ਅਮਰਿੰਦਰ ਸਿੰਘ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਇਕ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਹ ਅਸੀਂ ਪੂਰੇ ਕਰਾਂਗੇ।
ਅਸੀਂ ਇਕ ਪਾਰਦਰਸ਼ੀ ਸਰਕਾਰ ਬਣਾਵਾਂਗੇ, ਜਿਸ ਵਿਚ ਸਾਰੇ ਇਕ ਸਮਾਨ ਹੋਣਗੇ। ਕੋਈ ਵੀ ਪੁਲਿਸ ਅਧਿਕਾਰੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੇਗਾ। ਦੋਸ਼ੀ ਕੋਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੜਤਾਲ 'ਤੇ ਚੱਲ ਰਹੇ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਅਪੀਲ ਕਰਦਿਆਂ ਕੰਮ 'ਤੇ ਵਾਪਸ ਪਰਤਣ ਲਈ ਕਿਹਾ। ਉਨ੍ਹਾਂ ਕਿਹਾ ਮੈਨੂੰ ਥੋੜ੍ਹਾ ਸਮਾਂ ਦਿਓ ਸਾਰਿਆਂ ਦੇ ਮਸਲੇ ਹੱਲ ਕੀਤੇ ਜਾਣਗੇ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe