Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

September 19, 2021 08:57 AM

ਸਾਰੇ ਸੂਬਿਆਂ ਵਿੱਚ ਗਊ ਹੱਤਿਆ ‘ਤੇ ਪੂਰਣ ਪਾਬੰਦੀ ਅਤੇ ਇਕਸਾਰ ਕਾਨੂੰਨ ਦੀ ਮੰਗ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਗਊ ਸੇਵਾ ਕਮਿਸਨ ਦੇ ਚੇਅਰਮੈਨ ਸ੍ਰੀ ਸਚਿਨ ਸਰਮਾ ਦੀ ਅਗਵਾਈ ਵਾਲੇ ਵਫਦ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਗਾਂ ਨੂੰ ਕੌਮੀ ਪਸੂ ਐਲਾਨਣ ਲਈ ਭਾਰਤ ਦੇ ਰਾਸਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਸਿਫਾਰਿਸ਼ ਕਰਨ ਲਈ ਮੰਗ ਪੱਤਰ ਸੌਂਪਿਆ।

ਰਾਜ ਭਵਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਅਸੀਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਭਾਰਤੀ ਸੰਵਿਧਾਨ ਦੇ ਚੈਪਟਰ 4 ਦੇ ਆਰਟੀਕਲ 48 ਵਿੱਚ ਸੋਧ ਕਰਕੇ ਗਊ ਹੱਤਿਆ ‘ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਅਤੇ ਇਸ ਸਬੰਧੀ ਸਾਰੇ ਸੂਬਿਆਂ ਵਿੱਚ ਇਕਸਾਰ ਕਾਨੂੰਨ ਬਣਾਇਆ ਜਾਵੇ। ਮੰਗ ਪੱਤਰ ਰਾਹੀਂ ਗਊ ਹੱਤਿਆ ਲਈ ਮੌਤ ਦੀ ਸਜਾ ਦੀ ਵਿਵਸਥਾ ਕਰਨ ਅਤੇ ਗਊਵੰਸ਼ ਦੀ ਸੁਰੱਖਿਆ ਪ੍ਰਤੀ ਸਖਤ ਕਦਮ ਚੁੱਕਣ ਤੋਂ ਇਲਾਵਾ ਸਰਕਾਰੀ ਗਊਸਾਲਾਵਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਮੰਗ ਵੀ ਕੀਤੀ ਗਈ।

ਚੇਅਰਮੈਨ ਨੇ ਕਿਹਾ ਕਿ ਸੁਖਾਵੇਂ ਮਾਹੌਲ ਵਿੱਚ ਹੋਏ ਵਿਚਾਰ-ਵਟਾਂਦਰੇ ਦੌਰਾਨ ਰਾਜਪਾਲ ਨੂੰ ਅਪੀਲ ਕੀਤੀ ਗਈ ਕਿ ਉਹ ਭਾਰਤ ਦੇ ਰਾਸਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਗਾਂ ਨੂੰ ਕੌਮੀ ਪਸੂ ਐਲਾਨਣ ਲਈ ਸਿਫਾਰਿਸ਼ ਕਰਨ ਅਤੇ ਰਾਜਪਾਲ ਨੇ ਵੀ ਇਸ ਸਬੰਧੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

ਚੇਅਰਮੈਨ ਨੇ ਰਾਜਪਾਲ ਨੂੰ ਦੱਸਿਆ ਕਿ ਗਾਂ ਭਾਰਤੀ ਸੱਭਿਆਚਾਰ ਦੀ ਰੀੜ ਦੀ ਹੱਡੀ ਹੈ ਅਤੇ ਸਨਾਤਨ ਧਰਮ ਦੀ ਅਧਿਆਤਮਕ ਆਸਥਾ ਦਰਸਾਉਂਦੀ ਹੈ ਪਰ ਕੂੜਾ ਖਾਣ ਕੇ ਜਿਊਣ ਲਈ ਮਜਬੂਰ ਹੈ। ਇਸ ਤੋਂ ਇਲਾਵਾ ਭੂ-ਮਾਫੀਆ ਨੇ ਦੇਸ ਵਿੱਚ ਜ਼ਮੀਨ ਦੇ ਵੱਡੇ ਹਿੱਸੇ ‘ਤੇ ਕਬਜਾ ਕੀਤਾ ਹੋਇਆ ਹੈ ਜਿਸ ਕਾਰਨ ਗਾਵਾਂ ਨੂੰ ਪੱਕੇ ਤੌਰ ‘ਤੇ ਆਸਰਾ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਰੋਜ ਗਊਵੰਸ਼ ਅਤੇ ਲੋਕਾਂ ‘ਚ ਟਕਰਾਅ ਦੀ ਸਥਿਤੀ ਬਣਦੀ ਹੈ ਅਤੇ ਸੜਕ ਹਾਦਸੇ ਹੁੰਦੇ ਹਨ। ਇਸੇ ਤਰਾਂ ਦੇਸ ਵਿੱਚ ਹਰ ਰੋਜ ਗਾਵਾਂ ਦੀ ਬੇਰਹਿਮੀ ਨਾਲ ਹੱਤਿਆ ਹੋ ਰਹੀ ਹੈ ਪਰ ਸਖਤ ਕਾਨੂੰਨ ਦੀ ਘਾਟ ਕਾਰਨ ਗਊ ਤਸਕਰ ਅਤੇ ਕਾਤਲ ਆਸਾਨੀ ਨਾਲ ਬਚ ਜਾਂਦੇ ਹਨ।

ਵਫਦ ਵਿੱਚ ਦੰਡੀ ਸਵਾਮੀ ਗਊਧਾਮ ਲੁਧਿਆਣਾ ਦੇ ਟਰੱਸਟੀ ਸ਼੍ਰੀ ਰਮੇਸ਼ ਚੰਦਰ ਗਰਗ ਅਤੇ ਓ.ਐਸ.ਡੀ. ਡਾ. ਦੀਪਕ ਘਈ ਵੀ ਸ਼ਾਮਲ ਸਨ।

 

Have something to say? Post your comment

Subscribe