ਖੰਨਾ : ਕਰਨਾਲ ਦੇ ਐੱਸਡੀਐੱਮ ਤੋਂ ਬਾਅਦ ਖੰਨਾ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਕਿਸਾਨਾਂ ਨਾਲ ਉਲਝ ਪਿਆ। ਡੀਐੱਸਪੀ ਨੇ ਇੱਕ ਕਿਸਾਨ ਆਗੂ ਨੂੰ ਸ਼ਰੇਆਮ ਧਮਕੀਆਂ ਵੀ ਦਿੱਤੀਆਂ ਜਿਸ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਵਾਇਰਲ ਹੋਈ। ਭਾਜਪਾ ਨੇਤਾਵਾਂ ਨੂੰ ਬਚਾਉਣ ਲਈ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਅਤੇ ਐੱਸ. ਐੱਚ. ਓ. ਹੇਮੰਤ ਕੁਮਾਰ ਨੇ ਕਿਸਾਨਾਂ ਨੂੰ ਧੱਕੇ ਵੀ ਮਾਰੇ।
ਜਾਣਕਾਰੀ ਅਨੁਸਾਰ ਭਾਜਪਾ ਨੇਤਾਵਾਂ ਨੇ ਖੰਨਾ ਦੇ ਲਿਬੜਾ ਸਥਿਤ ਬਲਦੇਵ ਢਾਬੇ ‘ਤੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦਾ ਜਨਮਦਿਨ ਮਨਾਉਣ ਦਾ ਪ੍ਰੋਗਰਾਮ ਰੱਖਿਆ ਸੀ। ਭਾਜਪਾ ਨੇਤਾਵਾਂ ਦੀ ਰਾਖੀ ਲਈ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ, ਐੱਸ. ਐੱਚ. ਓ. ਇੰਸਪੈਕਟਰ ਹੇਮੰਤ ਕੁਮਾਰ ਖੁਦ ਪੁਲਿਸ ਫੋਰਸ ਲੈ ਕੇ ਖੜ੍ਹੇ ਸਨ। ਜਦੋਂ ਭਾਜਪਾ ਆਗੂ ਜਾਣ ਲੱਗੇ ਤਾਂ ਕਿਸਾਨਾਂ ਨੇ ਇਕ ਆਗੂ ਦੀ ਗੱਡੀ ਘੇਰ ਕੇ ਵਿਰੋਧ ਕਰਨ ਦਾ ਯਤਨ ਕੀਤਾ ਤਾਂ ਡੀਐੱਸਪੀ ਅਤੇ ਐੱਸਐੱਚਓ ਹੇਮੰਤ ਮਲਹੋਤਰਾ ਨੇ ਧੱਕੇ ਮਾਰ ਕੇ ਕਿਸਾਨਾਂ ਨੂੰ ਪਾਸੇ ਕਰ ਦਿੱਤਾ। ਕਿਸਾਨ ਜਦੋਂ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਨੌਜਵਾਨ ਕਿਸਾਨ ਨੇਤਾ ਪਰਵਿੰਦਰ ਸਿੰਘ ਇਕੋਲਾਹਾ ਨਾਲ ਬਦਤੀਮੀਜ਼ੀ ਨਾਲ ਗੱਲ ਕਰਨ ਲੱਗੇ । ਡੀ. ਐੱਸ. ਪੀ. ਬੋਲੇ ਕਿ ਤੁਸੀਂ ਔਕਾਤ ‘ਚ ਰਹੋ। ਤੁਹਾਨੂੰ ਦੇਖੋ ਕਿਵੇਂ ਠੋਕਦਾ ਮੈਂ। ਤੁਹਾਨੂੰ ਮੇਰਾ ਪਤਾ ਨਹੀਂ, ਮੇਰੇ ਬਾਰੇ ਪਤਾ ਕਰ ਲਵੋ ਪਹਿਲਾਂ ।ਅਜਿਹੀ ਧਮਕੀਆਂ ਕਿਸਾਨਾਂ ਨੂੰ ਦਿੱਤੀ ਗਈਆਂ।ਡੀਐੱਸਪੀ ਨੇ ਸ਼ਰੇਆਮ ਲਲਕਾਰਦੇ ਹੋਏ ਕਿਹਾ ਕਿ ‘ਆਓ ਹੁਣ ਦੇਖਦਾ ਕਿ ਕੌਣ ਗੱਡੀਆਂ ਨੂੰ ਰੋਕਦਾ ਹੈ’। ਧਮਕਾਉਣ ਤੋਂ ਬਾਅਦ ਸਾਰੇ ਭਾਜਪਾ ਨੇਤਾਵਾਂ ਨੂੰ ਢਾਬੇ ਤੋਂ ਕੱਢਿਆ ਗਿਆ।
ਕਿਸਾਨ ਆਗੂ ਮਨਜੀਤ ਰਾਏ ਨੇ ਕਿਸਾਨਾਂ ਨਾਲ ਬਦਸਲੂਕੀ ਦਾ ਨੋਟਿਸ ਲੈਂਦੇ ਕਿਹਾ ਕਿ ਕਿਸਾਨ ਜਲਦੀ ਹੀ ਡੀਐੱਸਪੀ ਨੂੰ ਉਸਦੀ ਔਕਾਤ ਦਿਖਾ ਦੇਣਗੇ। ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਉਸਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਲੋਕ ਇਨਸਾਫ ਪਾਰਟੀ ਦੇ ਖੰਨਾ ਹਲਕਾ ਇੰਚਾਰਜ ਸਰਬਜੀਤ ਸਿੰਘ ਸੀਆਰ ਕੰਗ ਨੇ ਕਿਹਾ ਕਿ ਲਿਬੜਾ ਵਿਖੇ ਡੀਐੱਸਪੀ ਖੰਨਾ ਵੱਲੋਂ ਕਿਸਾਨ ਜਥਬੰਦੀਆਂ ਨਾਲ ਕੀਤੀ ਬਦਸਲੂਕੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਡੀਐੱਸਪੀ ਖੰਨਾ ਨੂੰ ਮਾਫ਼ੀ ਮੰਗਣੀ ਚਾਹੀਦੀ ਤੇ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਨੇ ਨਹੀਂ ਤਾਂ ਅੱਗੇ ਕਿਸਾਨ ਜਥੇਬੰਦੀਆਂ ਜੋ ਅਗਲਾ ਪ੍ਰੋਗਰਾਮ ਉਲੀਕਣ ਗੀਆ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਹੋਰ ਤਿੱਖਾ ਕਰਾਂਗੇ। ਕੋਈ ਵੀ ਲੜਾਈ ਲੜਨੀ ਪਈ ਤਾਂ ਲੜਾਂਗੇ।