Friday, November 22, 2024
 

ਪੰਜਾਬ

ਸ੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਕਰਨ ਵਾਲਿਆਂ ਲਈ ਪਿੰਡ ਵਾਸੀਆਂ ਨੇ ਕੀਤਾ ਵੱਡਾ ਐਲਾਨ

September 18, 2021 08:27 PM

ਮੋਗਾ : ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸਬੰਧ ਵਿੱਚ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਸੀ।
ਇਸ ਦੇ ਸਬੰਧ ਵਿੱਚ ਅੱਜ ਲੰਗੇਆਣਾ ਦੇ ਪੂਰੇ ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ ਲੰਗੇਆਣਾ ਵਿਚ ਰੱਖਿਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਦਾ ਸਾਰੇ ਪਿੰਡ ਵੱਲੋਂ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਗਿਆ ।
ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਹ 40-45 ਸਾਲ ਤੋਂ ਪਿੰਡ ਵਿਚ ਨਹੀਂ ਰਹਿ ਰਹੇ ਲੁਧਿਆਣਾ ਵਿੱਚ ਹੀ ਰਹਿ ਰਹੇ ਹਨ, ਲੰਗੇਆਣਾ ਵਿੱਚ ਸਿਰਫ਼ ਇਨ੍ਹਾਂ ਦੀ ਜ਼ਮੀਨ ਹੀ ਪਈ ਹੈ ਜੋ ਕਿ ਇਹ ਠੇਕੇ ਤੇ ਦਿੰਦੇ ਹਨ ਪਰ ਅੱਜ ਤੋਂ ਬਾਅਦ ਇਨ੍ਹਾਂ ਦੀ ਜ਼ਮੀਨ ਵੀ ਕੋਈ ਪਿੰਡ ਵਾਸੀ ਠੇਕੇ ਤੇ ਨਹੀਂ ਲਵੇਗਾ ਅਤੇ ਜੇਕਰ ਕੋਈ ਬਾਹਰੋਂ ਆ ਕੇ ਵੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਅਸੀਂ ਕਿਸੇ ਨੂੰ ਵੀ ਇਨ੍ਹਾਂ ਦੀ ਜ਼ਮੀਨ ਠੇਕੇ ਤੇ ਨਹੀਂ ਲੈਣ ਦਵਾਂਗੇ |
ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਨ ਵਾਲਾ ਪਿੰਡ ਹੈ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੂਰੇ ਪਿੰਡ ਦਾ ਨਾਮ ਬਦਨਾਮ ਕੀਤਾ ਹੈ ਇਸ ਲਈ ਅੱਜ ਪੂਰੇ ਪਿੰਡ ਵੱਲੋਂ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਹ ਵੀ ਕਿਹਾ ਕਿ ਇਹ ਸਰਸੇ ਵਾਲਿਆਂ ਦੇ ਪੱਕੇ ਪ੍ਰੇਮੀ ਹਨ ਅਤੇ ਇਸ ਦਾ ਪਿਤਾ ਗੁਰਮੇਲ ਸਿੰਘ ਸਰਸੇ ਵਾਲਿਆਂ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ। ਜੋ ਪਰਿਵਾਰ ਇਨ੍ਹਾਂ ਦੀ ਜ਼ਮੀਨ ਦੀ ਵਾਹੀ ਕਰ ਰਿਹਾ ਹੈ ਉਨ੍ਹਾਂ ਦੇ ਲੜਕੇ ਮਿਲਣਪ੍ਰੀਤ ਨੇ ਕਿਹਾ ਕਿ ਦੋ ਸਾਲ ਤੋਂ ਇਨ੍ਹਾਂ ਦੀ ਜ਼ਮੀਨ ਸਾਡੇ ਕੋਲ ਠੇਕੇ 'ਤੇ ਹੈ , ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਿਗਰਟ ਸੁੱਟ ਇਨ੍ਹਾਂ ਦੇ ਲੜਕੇ ਵੱਲੋਂ ਬਹੁਤ ਮੰਦਭਾਗੀ ਘਟਨਾ ਕੀਤੀ ਗਈ ਹੈ । ਇਸ ਲਈ ਅਸੀਂ ਇਨ੍ਹਾਂ ਦੀ ਜ਼ਮੀਨ ਅੱਗੇ ਤੋਂ ਠੇਕੇ 'ਤੇ ਨਹੀਂ ਲਵਾਂਗੇ ਅਤੇ ਕਣਕ ਦੀ ਫਸਲ ਵੀ ਨਹੀਂ ਲਗਾਵਾਂਗੇ ।

 

Have something to say? Post your comment

Subscribe