ਭਵਾਨੀਗੜ੍ਹ : ਕਿਸਾਨੀ ਧਰਨੇ ਤੋਂ ਵਾਪਸ ਜਾਂਦੇ ਪਿੰਡ ਰਾਜਪੁਰੇ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਇਹ ਧਰਨਾ ਪਿੰਡ ਕਾਲਾਝਾੜ ਟੋਲ ਪਲਾਜ਼ੇ 'ਤੇ ਲਗਾਇਆ ਹੋਇਆ ਸੀ ਜਿਥੇ ਇਹ ਕਿਸਾਨ ਵੀ ਆਪਣਾ ਹਿੱਸਾ ਪਾਉਣ ਆਇਆ ਹੋਇਆ ਸੀ।ਕਿਸਾਨ ਬਲਵਿੰਦਰ ਸਿੰਘ ਦੇ ਦੋ ਬੱਚੇ ਲੜਕੇ ਅਤੇ ਲੜਕੀ ਜੋ ਸ਼ਾਦੀਸ਼ੁਦਾ ਹਨ। ਜਿਸ ਕੋਲ ਲਗਪਗ 7 ਏਕੜ ਜ਼ਮੀਨ ਹੈ ਅਤੇ ਜਿਸ ਦੇ ਸਿਰ ਬੈਂਕ ਦਾ ਲਗਪਗ ਦੱਸ ਲੱਖ ਰੁਪਏ ਕਰਜ਼ਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੁਰੇ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਜੋ ਪਿੰਡ ਦੇ ਕਿਸਾਨ ਔਰਤਾਂ ਨੂੰ ਟਰੈਕਟਰ ਟਰਾਲੀ ਰਾਹੀਂ ਕਾਲਾਝਾੜ ਟੌਲ ਪਲਾਜ਼ੇ ਵਿਖੇ ਲੱਗੇ ਮੋਰਚੇ ਵਿੱਚ ਲੈ ਕੇ ਆਇਆ ਸੀ ਅਤੇ ਟਰੈਕਟਰ ਟਰਾਲੀ ਰਾਹੀਂ ਵਾਪਸ ਪਿੰਡ ਲੈ ਕੇ ਜਾ ਰਿਹਾ ਸੀ। ਜਾਂਦਿਆਂ ਸਮੇਂ ਗੁਰਦੁਆਰੇ ਦੇ ਨੇੜੇ ਜਾ ਉਸ ਦੀ ਮੌਤ ਹੋ ਗਈ।ਜਥੇਬੰਦੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਸਾਨ ਬਲਵਿੰਦਰ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਪਰਿਵਾਰ ਸਿਰ ਚੜ੍ਹਿਆ ਦੱਸ ਲੱਖ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦੱਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।