ਨਿਊਯਾਰਕ : ਅਮਰੀਕਾ ਤੋਂ ਇਕ ਮਾੜੀ ਖ਼ਬਰ ਆਈ ਹੈ ਕਿ ਟੈਕਸੀ ਚਲਾ ਰਹੇ 21 ਸਾਲ ਦੇ ਗੱਭਰੂ ਕੁਲਦੀਪ ਸਿੰਘ ਦਾ ਕਤਲ ਹੋ ਗਿਆ। ਉਹ ਦਾ ਕਿਸੇ ਨਾਲ ਝਗੜਾ ਨਹੀਂ ਸੀ ਹੋਇਆ ਅਤੇ ਨਾ ਹੀ ਕਿਸੇ ਨੇ ਉਸ ਉਪਰ ਹਮਲਾ ਕੀਤਾ ਪਰ ਪਤਾ ਨਹੀਂ ਕਿੱਥੋਂ ਇਕ ਗੋਲੀ ਆ ਕੇ ਉਸ ਦੇ ਸਿਰ ਵਿਚ ਲੱਗੀ ਅਤੇ ਉਸ ਦੀ ਮੌਤ ਹੋ ਗਈ। ਕੁਲਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਨੇ ਦੱਸਿਆ ਕਿ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਸ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ। ਇਥੇ ਦਸ ਦਈਏ ਕਿ ਇਹ ਘਟਨਾ ਨਿਊਯਾਰਕ ਦੇ ਹਾਰਲਮ ਇਲਾਕੇ ਵਿਚ ਵਾਪਰੀ। ਕੁਲਦੀਪ ਸਿੰਘ 2018 ਵਿਚ ਅਮਰੀਕਾ ਆਇਆ ਸੀ। ਦਰਅਸਲ ਪਿਛਲੇ ਦਿਨੀਂ ਕੁਲਦੀਪ ਸਿੰਘ ਆਪਣੀ ਟੈਕਸੀ ਰਾਹੀਂ ਇਕ ਔਰਤ ਅਤੇ ਉਸ ਦੇ 12 ਸਾਲ ਦੇ ਬੇਟੇ ਨੂੰ ਛੱਡਣ ਜਾ ਰਿਹਾ ਸੀ ਕਿ ਹਾਰਲਮ ਦੀ 131ਵੀਂ ਸਟ੍ਰੀਟ ਅਤੇ ਫ਼ਰੈਡਰਿਕ ਡਗਲਸ ਬੁਲੇਵਾਰਡ ਵਿਖੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲ ਗਈਆਂ। ਅਪਰਾਧੀਆਂ ਵੱਲੋਂ ਚਲਾਈਆਂ ਗੋਲੀਆਂ ਵਿਚੋਂ ਇਕ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ ਅਤੇ ਉਸ ਦੀ ਟੈਕਸੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ। ਕੁਲਦੀਪ ਸਿੰਘ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਐਮਰਜੈਂਸੀ ਸਰਜਰੀ ਰਾਹੀਂ ਗੋਲੀ ਕੱਢਣ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਏ। ਤਿੰਨ ਦਿਨ ਬਾਅਦ ਕੁਲਦੀਪ ਸਿੰਘ ਦਮ ਤੋੜ ਗਿਆ।