ਲੁਧਿਆਣਾ : ਆਏ ਦਿਨ ਸਿਆਸੀ ਧਿਰਾਂ ਵਲੋਂ ਇੱਕ ਦੂਜੇ ਵਿਰੁੱਧ ਵੱਖ ਵੱਖ ਮੁਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਹਨ ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਹੈ ਜਿਥੇ BJP ਵਰਕਰ ਅਤੇ ਯੂਥ ਕਾਂਗਰਸ ਦੇ ਵਰਕਰਾਂ ਵਿਚ ਸਥਿਤੀ ਤਣਾਅਪੂਰਨ ਬਣ ਗਈ।
ਅਸਲ ਵਿਚ ਖੇਤੀ ਕਾਨੂੰਨ ਅਤੇ ਮਹਿੰਗਾਈ ਦੇ ਮੁੱਦੇ 'ਤੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਯੂਥ ਕਾਂਗਰਸ ਵਰਕਰਾਂ ਨੇ ਭਾਜਪਾ ਦਫਤਰ ਦਾ ਘਿਰਾਓ ਕੀਤਾ ਸੀ ਅਤੇ ਉਦੋਂ ਦੋਵਾਂ ਧਿਰਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਭਾਰੀ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਸੀ। ਦੋਵਾਂ ਪਾਸਿਓਂ ਪੱਥਰ ਚੱਲੇ । ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਰਕਰ ਜ਼ਖ਼ਮੀ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਯੂਥ ਕਾਂਗਰਸ ਭਾਜਪਾ ਦਫਤਰ ਨੂੰ ਤਾਲਾ ਲਾਉਣ ਦੇ ਇਰਾਦੇ ਨਾਲ ਉਥੇ ਪਹੁੰਚੀ ਸੀ, ਪਰ ਪੁਲਿਸ ਨੇ ਘੰਟਾਘਰ ਸਥਿਤ ਭਾਜਪਾ ਦਫਤਰ 'ਤੇ ਪਹਿਲਾਂ ਹੀ ਪੂਰੀ ਤਰ੍ਹਾਂ ਬੈਰੀਕੇਡਿੰਗ ਲਗਾ ਦਿੱਤੀ ਸੀ। ਦਫਤਰ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ।
ਯੂਥ ਕਾਂਗਰਸ ਨਾਅਰੇ ਲਗਾਉਂਦੇ ਹੋਏ ਉਥੇ ਪਹੁੰਚ ਗਈ। ਉਨ੍ਹਾਂ ਦੀ ਪੁਲਿਸ ਨਾਲ ਵੀ ਝੜਪ ਹੋਈ, ਬਹਿਸ ਵੀ ਹੋਈ। ਦੱਸ ਦਈਏ ਕਿ ਪੁਲਿਸ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਵਾਂ ਪਾਸਿਆਂ ਤੋਂ ਜ਼ੋਰਦਾਰ ਨਾਅਰੇ ਲਗਾਏ ਗਏ।
ਮੌਕੇ 'ਤੇ ਮੌਜੂਦ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਕੁਝ ਦੇਰ ਪਹਿਲਾਂ ਥੋੜ੍ਹਾ ਬਹੁਤ ਹੰਗਾਮਾ ਜ਼ਰੂਰ ਹੋਇਆ ਸੀ ਪਰ ਪੁਲਿਸ ਦੀ ਮੁਸਤੈਦੀ ਦੇ ਚੱਲਦਿਆਂ ਹਲਾਤਾਂ 'ਤੇ ਕਾਬੂ ਪਾ ਲਿਆ ਗਿਆ ਉਨ੍ਹਾਂ ਕਿਹਾ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਪੂਰੀ ਕਾਰਵਾਈ ਕੀਤੀ ਜਾਵੇਗੀ