ਨਿਊਯਾਰਕ : 11 ਸਤੰਬਰ ਦੇ ਦਿਨ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਹੋਏ ਘਾਤਕ ਅੱਤਵਾਦੀ ਹਮਲੇ ਨੇ ਇਕ ਅਜਿਹਾ ਜ਼ਖ਼ਮ ਦਿੱਤਾ ਸੀ ਕਿ ਜਿਸ ਦੀ ਚੀਸ ਅੱਜ ਵੀ ਕਾਇਮ ਹੈ। ਅੱਜ ਇਸ ਹਮਲੇ ਦੀ 20ਵੀਂ ਬਰਸੀ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਜੋ ਬਾਇਡਨ ਨੇ ਟਵੀਟ ਕਰਕੇ ਅਮਰੀਕੀਆਂ ਨੂੰ ਇਕ ਸੰਦੇਸ਼ ਦਿੱਤਾ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 11 ਸਤੰਬਰ, 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿੰਨ੍ਹਾਂ ਨੂੰ ਅਸੀਂ ਗਵਾ ਦਿੱਤਾ। ਅਸੀਂ ਇਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹਾਂ। ਜਿਵੇਂ ਕਿ ਅਸੀਂ ਦੇਖਿਆ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੌਣ ਹਾਂ ਤੇ ਅਸੀਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਤਾਲਿਬਾਨ ਤੋਂ ਉਹੋ ਜਿਹੇ ਹਮਲੇ ਦੇ ਖਤਰੇ ਦਾ ਖਦਸ਼ਾ ਜਤਾਇਆ ਹੈ। ਇਹ ਚੇਤਾਵਨੀ ਬ੍ਰਿਟਿਸ਼ ਖੁਫੀਆ ਏਜੰਸੀ MI-5 ਦੇ ਪ੍ਰਮੁੱਖ ਕੇਨ ਮੈਕੱਲਮ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਰਾਜ 'ਚ ਅੱਤਵਾਦ ਵਧ ਸਕਦਾ ਹੈ। 9/11 ਜਿਹੇ ਅੱਤਵਾਦੀ ਹਮਲੇ ਫਿਰ ਹੋ ਸਕਦੇ ਹਨ।
ਇਸ ਹਮਲੇ ਦੀ ਬਰਸੀ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਬਿਆਨ ਜਾਰੀ ਕੀਤਾ ਤੇ ਅੱਤਵਾਦ ਨੂੰ ਹਰ ਤਰ੍ਹਾਂ ਨਾਲ ਰੋਕਣ ਤੇ ਮੁਕਾਬਲਾ ਕਰਨ ਦੀ ਵਚਨਬੱਧਤਾ ਦੁਹਰਾਈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨਿਊਯਾਰਕ ਦੇ ਗ੍ਰਾਊਂਡ ਜ਼ੀਰੋ 'ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨਾਂ ਕਿਹਾ ਕਿ 9/11 ਸਮਾਰਕ ਸਾਨੂੰ ਅੱਤਵਾਦ ਨਾਲ ਲੜਨ ਤੇ ਸਮੂਹਿਕ ਸੰਕਲਪ ਦੀ ਯਾਦ ਦਿਵਾਉਂਦਾ ਹੈ।