ਬਹਰਾਇਚ (UP) : ਬਹਿਰਾਈਚ ਜ਼ਿਲ੍ਹੇ ਦੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਨੂੰ ਜੁਤੀਆਂ ਨਾਲ ਮਾਰਨ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਅਤੇ ਇਤਰਾਜਯੋਗ ਭਾਸ਼ਾ ਵਾਲੇ ਪੋਸਟਰ ਚਿਪਕਾਉਣ ਦੇ ਦੋਸ਼ ’ਚ ਇਕ ਕਿਸਾਨ ਸੰਗਠਨ ਦੇ ਆਗੂ ਤੇ ਪ੍ਰਿੰਟਿੰਗ ਪ੍ਰੈੱਸ ਮਾਲਕ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸਾਰੀਆਂ ਥਾਵਾਂ ’ਤੇ ਲੱਗੇ ਪੋਸਟਰ ਵੀ ਹਟਵਾ ਲਏ ਹਨ।
ਬਹਰਾਇਚ ਦੇ ਵਧੀਕ ਪੁਲਿਸ ਸੁਪਰਡੈਂਟ (ਸਿਟੀ) ਕੁੰਵਰ ਗਿਆਨਯੰਜੇ ਸਿੰਘ ਨੇ ਸ਼ੁਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ, “ਸੰਬੰਧਤ ਪੋਸਟਰ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਕਿ ਬਹਰਾਇਚ ਜ਼ਿਲੇ ਦੇ ਹੁਜ਼ੂਰਪੁਰ ਖੇਤਰ ਨਿਵਾਸੀ ਲਵ ਵਿਕਰਮ ਸਿੰਘ ਉਰਫ਼ ਜੈਨੂ ਠਾਕੁਰ ਨੇ ਗੁੱਸੇ ਵਿਚ ਸ਼ਹਿਰ ਦੇ ਅਮਨ ਗੁਪਤਾ ਦੀ ਪ੍ਰਿੰਟਿੰਗ ਪ੍ਰੈੱਸ ਤੋਂ ਕਰੀਬ 50 ਪੋਸਟਰ ਛਪਵਾ ਕੇ ਵੀਰਵਾਰ ਨੂੰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਚਿਪਕਾ ਦਿਤੇ ਸਨ। ਪੁਲਿਸ ਨੇ ਜੈਨ ਠਾਕੁਰ ਅਤੇ ਅਮਨ ਗੁਪਤਾ ਨੂੰ ਵੀਰਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ’ਚ ਚੱਲ ਰਹੇ ਅੰਦੋਲਨ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ। ਕਿਸਾਨ ਕਰਜ਼ ਮੁਕਤ ਅਭਿਆਨ ਸੰਗਠਨ ਦੇ ਅਖੌਤੀ ਰਾਸ਼ਟਰੀ ਪ੍ਰਧਾਨ ਵਲੋਂ ਵੀਰਵਾਰ ਸ਼ਾਮ ਨੂੰ ਬਹਰਾਇਚ ਵਿਚ ਦਰਜਨਾਂ ਥਾਵਾਂ ਤੇ ਰਾਕੇਸ਼ ਟਿਕੈਤ ਦੀਆਂ ਤਸਵੀਰਾਂ ਵਾਲੇ ਪੋਸਟਰ ਕੰਧਾਂ ਉੱਤੇ ਚਿਪਕਾਏ ਗਏ। ਪੋਸਟਰ ਵਿਚ ਕਥਿਤ ਗ਼ੈਰ-ਸੰਸਦੀ ਅਤੇ ਇਤਰਾਜਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ।