ਪੁਣੇ : ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਪੁਰਖੇ ਇਕ ਹੀ ਸਨ ਤੇ ਹਰ ਭਾਰਤੀ ਹਿੰਦੂ ਹੈ। ਪੁਣੇ 'ਚ ਗਲੋਬਲ ਸਟ੍ਰੈਟੇਜਿਕ ਪਾਲਿਸੀ ਫਾਊਂਡੇਸ਼ਨ ਵੱਲੋਂ ਕਰਵਾਏ ਇਕ ਪ੍ਰੋਗਰਾਮ 'ਚ ਉਨ੍ਹਾਂ ਸੋਮਵਾਰ ਕਿਹਾ ਕਿ ਸਮਝਦਾਰ ਮੁਸਲਿਮ ਲੀਡਰਾਂ ਨੂੰ ਕੱਟੜਪੰਥੀਆਂ ਵਿਰੁੱਧ ਦ੍ਰਿੜਤਾ ਨਾਲ ਖੜਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਹਿੰਦੂ ਸ਼ਬਦ ਮਾਂ ਭੂਮੀ, ਪੁਰਖੇ ਤੇ ਭਾਰਤੀ ਸੰਸਕ੍ਰਿਤੀ ਦੇ ਬਰਾਬਰ ਹੈ। ਇਹ ਹੋਰ ਵਿਚਾਰਾਂ ਦਾ ਨਿਰਾਦਰ ਨਹੀਂ ਹੈ। ਅਸੀਂ ਮੁਸਲਿਮ ਹੋਣ ਬਾਰੇ ਨਹੀਂ ਭਲਕਿ ਭਾਰਤੀ ਹੋਣ ਬਾਰੇ ਸੋਚਣਾ ਹੈ।' ਭਾਗਵਤ ਨੇ ਕਿਹਾ ਕਿ ਭਾਰਤ ਦੇ ਵਿਕਾਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਇਸਲਾਮ ਹਮਲਾਵਰਾਂ ਦੇ ਨਾਲ ਆਇਆ। ਇਹ ਇਤਿਹਾਸ ਹੈ ਤੇ ਇਸ ਨੂੰ ਓਸੇ ਰੂਪ 'ਚ ਦੇਖਿਆ ਜਾਣਾ ਚਾਹੀਦਾ ਹੈ। ਸਮਝਦਾਰ ਮੁਸਲਿਮ ਲੀਡਰਾਂ ਨੂੰ ਗੈਰ-ਲੋੜੀਂਦੇ ਮੁੱਦਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਕੱਟੜਪੰਥੀਆਂ ਦੇ ਵਿਰੁੱਧ ਦ੍ਰਿੜਤਾ ਨਾਲ ਖੜਨਾ ਚਾਹੀਦਾ ਹੈ। ਜਿੰਨੀ ਛੇਤੀ ਅਸੀਂ ਇਹ ਕਰਾਂਗੇ, ਉਸ ਨਾਲ ਸਮਾਜ ਨੂੰ ਘੱਟ ਨੁਕਸਾਨ ਹੋਵੇਗਾ।' ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਬਤੌਰ ਮਹਾਂਸ਼ਕਤੀ ਕਿਸੇ ਨੂੰ ਡਰਾਵੇਗਾ ਨਹੀਂ। ਉਨ੍ਹਾਂ ਰਾਸ਼ਟਰ ਪ੍ਰਥਮ ਤੇ ਰਾਸ਼ਟਰ ਸਰਵਉੱਚ ਨਾਂਅ ਦੇ ਸੈਮੀਨਾਰ 'ਚ ਕਿਹਾ, 'ਹਿੰਦੂ ਸ਼ਬਦ ਸਾਡੀ ਮਾਂ ਭੂਮੀ, ਪੁਰਖੇ ਤੇ ਸੰਸਕ੍ਰਿਤੀ ਦੇ ਬਰਾਬਰ ਹੈ ਤੇ ਹਰ ਭਾਰਤੀ ਹਿੰਦੂ ਹੈ। ਉਨ੍ਹਾਂ ਕਿਹਾ ਹਿੰਦੂਆਂ ਤੇ ਮੁਸਲਮਾਨਾਂ ਦੇ ਪੁਰਖੇ ਇਕ ਹੀ ਸਨ।