ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਸਾਬਕਾ ਗਵਰਨਰ ਅਜੀਜ਼ ਕੁਰੈਸ਼ੀ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ਼ ਟਿੱਪਣੀ ਕਰਨੀ ਮਹਿੰਗੀ ਪੈ ਗਈ। ਯੂਪੀ ਪੁਲਿਸ (UP Police) ਵੱਲੋਂ ਸਾਬਕਾ ਰਾਜਪਾਲ ਕੁਰੈਸ਼ੀ ਖਿਲਾਫ਼ ਰਾਜ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਕੁਰੈਸ਼ੀ ਖਿਲਾਫ ਕਥਿਤ ਤੌਰ ਉਤੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਜਪਾ ਵਰਕਰ ਆਕਾਸ਼ ਸਕਸੇਨਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਉਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਵਰਕਰ ਨੇ ਸ਼ਿਕਾਇਤ ’ਚ ਕਿਹਾ ਕਿ ਕੁਰੈਸ਼ੀ ਸਾਬਕਾ ਮੰਤਰੀ ਆਜਮ ਖਾਂ ਦੇ ਘਰ ਉਨ੍ਹਾਂ ਦੀ ਪਤਨੀ ਅਤੇ ਰਾਮਪੁਰ ਦੀ ਵਿਧਾਇਕ ਤੰਜੀਮ ਫਾਤਿਮਾ ਨੂੰ ਮਿਲਣ ਗਏ ਸਨ, ਜਿੱਥੇ ਉਨ੍ਹਾਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਅਗਵਾਈ ਸਰਕਾਰ ਦੀ ਤੁਲਨਾ ‘ਸ਼ੈਤਾਨ ਅਤੇ ਖੂਨ ਚੂਸਣ ਵਾਲੇ ਰਾਕਸ਼’ ਨਾਲ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸਕਸੈਨਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁਰੈਸ਼ੀ ਦਾ ਵਿਵਾਦਿਤ ਬਿਆਨ ਦੋ ਭਾਈਚਾਰਿਆਂ ਵਿੱਚ ਤਣਾਅ ਪੈਦਾ ਕਰ ਸਕਦਾ ਹੈ ਅਤੇ ਦੰਗੇ ਭੜਕ ਸਕਦੇ ਹਨ।