ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗੀਤਕਾਰ, ਕਵੀ ਅਤੇ ਸਕ੍ਰੀਨ–ਪਲੇਅ ਲੇਖਕ ਜਾਵੇਦ ਅਖਤਰ ਵਿਵਾਦਾਂ ਵਿੱਚ ਫਸ ਗਏ ਹਨ। ਸੋਸ਼ਲ ਮੀਡੀਆ 'ਤੇ ਉਸ ਬਾਰੇ ਕਾਫੀ ਚਰਚਾ ਹੋ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਉਨ੍ਹਾਂ ਨੇ ਟੀਵੀ ਉੱਤੇ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਤੁਲਨਾ ਤਾਲਿਬਾਨ ਨਾਲ ਕਰ ਦਿੱਤੀ ਸੀ। ਮੁੰਬਈ ਦੇ ਜੁਹੂ ਵਿੱਚ ਜਾਵੇਦ ਅਖਤਰ ਦੇ ਘਰ ਦੇ ਬਾਹਰ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਵਰਕਰਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਪੁਲਿਸ ਨੇ ਜਾਵੇਦ ਅਖਤਰ ਦੇ ਘਰ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਆਰਐਸਐਸ, ਵੀਐਚਪੀ ਅਤੇ ਬਜਰੰਗ ਦਲ ਵਰਗੀਆਂ ਸੰਸਥਾਵਾਂ ਦੇ ਉਦੇਸ਼ਾਂ ਤੇ ਤਾਲਿਬਾਨ ਦੇ ਉਦੇਸ਼ਾਂ ਵਿੱਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਦੇ ਬਿਆਨ ਤੋਂ ਭਾਜਪਾ ਵਰਕਰ ਤੇ ਨੇਤਾ ਬਹੁਤ ਨਾਰਾਜ਼ ਹਨ।
ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, "ਜੋ ਆਰਐਸਐਸ ਦਾ ਸਮਰਥਨ ਕਰਦੇ ਹਨ, ਉਨ੍ਹਾਂ ਦੀ ਤਾਲਿਬਾਨ ਵਰਗੀ ਮਾਨਸਿਕਤਾ ਹੈ। ਜੋ ਆਰਐਸਐਸ ਦਾ ਸਮਰਥਨ ਕਰਦੇ ਹਨ ਉਨ੍ਹਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ।" ਉਨ੍ਹਾਂ ਅੱਗੇ ਕਿਹਾ, "ਤਾਲਿਬਾਨ ਅਤੇ ਜਿਨ੍ਹਾਂ ਦਾ ਤੁਸੀਂ ਸਮਰਥਨ ਕਰ ਰਹੇ ਹੋ ਉਨ੍ਹਾਂ ਵਿੱਚ ਕੀ ਫਰਕ ਹੈ? ਉਨ੍ਹਾਂ ਦੀ ਜ਼ਮੀਨ ਮਜ਼ਬੂਤ ਹੋ ਰਹੀ ਹੈ ਅਤੇ ਉਹ ਆਪਣੇ ਨਿਸ਼ਾਨੇ ਵੱਲ ਵਧ ਰਹੇ ਹਨ। ਦੋਵਾਂ ਦੀ ਮਾਨਸਿਕਤਾ ਇੱਕੋ ਜਿਹੀ ਹੈ।" ਉਨ੍ਹਾਂ ਦੇ ਇਸ ਬਿਆਨ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ।