ਹੁਸ਼ਿਆਰਪੁਰ : ਪੰਜਾਬ ਸਰਕਾਰ ਵਲੋਂ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਲੋਕਾਂ ਨੂੰ ਦੋ ਹਫਤਿਆਂ ਦਾ ਵਿਸ਼ੇਸ਼ ਸਿਖਲਾਈ ਕੋਰਸ 6 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਸਬੰਧੀ ਕਾਊਂਸÇਲੰਗ 2 ਸਤੰਬਰ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ, ਕਮਰਾ ਨੰਬਰ 439 'ਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਉਨ੍ਹਾਂ ਦੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸੰਭਾਲ ਅਤੇ ਸੁਚਾਰੂ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਸਿਖਲਾਈ ਤੋਂ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਆਪਣਾ ਧੰਦਾ ਸ਼ੁਰੂ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ, ਘੱਟ ਤੋਂ ਘੱਟ ਪੰਜਵੀਂ ਪਾਸ ਹੋਵੇ ਅਤੇ ਉਸ ਦੀ ਉਮਰ 18 ਤੋਂ 50 ਸਾਲ ਤੱਕ ਹੋਣੀ ਚਾਹੀਦੀ ਹੈ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਇਛੁੱਕ ਆਪਣੇ ਦਸਤਾਵੇਜ਼ ਜਿਵੇਂ ਕਿ ਪੜਾਈ ਦਾ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਚ ਦਫਤਰੀ ਕੰਮਕਾਜ ਦੇ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿਖਲਾਈ ਦੇ ਸਮੇਂ ਸਰਕਾਰ ਵਲੋਂ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।