ਗੁਹਾਟੀ : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ੱਕੀ ਅੱਤਵਾਦੀਆਂ ਨੇ 7 ਟਰੱਕਾਂ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ 5 ਟਰੱਕ ਡਰਾਈਵਰ ਜ਼ਿੰਦਾ ਸੜ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਟਰੱਕਾਂ ’ਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਦੀਮਾ ਹਸਾਓ ਜ਼ਿਲ੍ਹੇ ਦੇ ਲੰਕਾ ਰੋਡ ਸਥਿਤ ਦਿਸਮਾਓ ਪਿੰਡ ਦੇ ਨੇੜੇ ਵਾਪਰੀ। ਦੀਮਾ ਹਸਾਓ ਵਿੱਚ ਉਮਰੰਗਸੋ-ਲੰਕਾ ਰੋਡ ’ਤੇ ਦਿਸਮਾਓ ਪਿੰਡ ਨੇੜੇ 7 ਟਰੱਕ ਜਾ ਰਹੇ ਸਨ। ਇਸ ਦੌਰਾਨ ਸ਼ੱਕੀ ਅੱਤਵਾਦੀਆਂ ਨੇ ਟਰੱਕਾਂ ’ਤੇ ਪਹਿਲਾਂ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕਾਂ ਵਿੱਚ ਅੱਗ ਲਗਾ ਦਿੱਤੀ। ਇਸ ਕਾਰਨ ਪੰਜ ਟਰੱਕ ਡਰਾਈਵਰ ਜ਼ਿੰਦਾ ਸੜ ਗਏ। ਅਸਾਮ ਪੁਲਿਸ ਨੇ ਘਟਨਾ ਪਿੱਛੇ ਅੱਤਵਾਦੀ ਸਮੂਹ ਡਿਮਾਸਾ ਨੈਸ਼ਨਲ ਲਿਬਰੇਸ਼ਨ ਆਰਮੀ (ਡੀਐਨਐਲਏ) ਦਾ ਹੱਥ ਹੋਣ ਦੀ ਸੰਭਾਵਨਾ ਜਤਾਈ ਹੈ।