ਤਪਾ ਮੰਡੀ : ਬੁੱਧਵਾਰ ਦੇਰ ਸ਼ਾਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਤਾ ਵਿਖੇ ਇੱਕ ਬਾਪ ਵੱਲੋਂ ਆਪਣੀ ਹੀ ਧੀ ਦੇ ਕੁਟਾਪੇ ਦਾ ਜਿਉਂ ਹੀ ਵੀਡੀਓ ਵਾਇਰਲ ਹੋਇਆ ਜਿਉਂ ਹੀ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਦੇ ਆਦੇਸ਼ਾਂ ਤੇ DSP ਤਪਾ ਬਲਜੀਤ ਸਿੰਘ ਬਰਾੜ ਦੀ ਅਗਵਾਈ 'ਚ ਤਪਾ ਪੁਲਿਸ ਨੇ ਉਸ ਧੀ ਦਾ ਬੇਰਹਿਮੀ ਨਾਲ ਕੁਟਾਪਾ ਕਰਨ ਵਾਲੇ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੱਚੀ ਦੀ ਬੇਰਹਿਮੀ ਵਾਲੇ ਕੁੱਟਮਾਰ ਮਾਮਲੇ ਵਿਚ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਤਿੰਨ ਦਿਨਾਂ ਅੰਦਰ ਰਿਪੋਰਟ ਮੰਗੀ ਗਈ ਹੈ। ਜੰਟਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਹਿਤਾ ਵਲੋ ਆਪਣੀ ਲੜਕੀ ਕਮਲਪ੍ਰੀਤ ਕੌਰ (ਉਮਰ 10 ਸਾਲ) ਦੀ ਕੁੱਟਮਾਰ ਕਰਨ ਸਬੰਧੀ ਸ਼ੋਸ਼ਲ ਮੀਡੀਆ ਪਰ ਵੀਡਿਓ ਵਾਇਰਲ (Viral Video) ਹੋਣ ਸਬੰਧੀ ਕਾਰਵਾਈ ਕਰਦਿਆਂ ਥਾਣਾ ਤਪਾ ਦੇ ਤਫਤੀਸ਼ੀ ਅਫਸਰ ਥਾਣੇਦਾਰ ਦਵਿੰਦਰ ਸਿੰਘ ਵਲੋਂ ਲੜਕੀ ਦੇ ਪਿਤਾ ਜੰਟਾ ਸਿੰਘ ਉਕਤ ਨੂੰ ਕਾਬੂ ਕਰ ਕੇ ਪੁਲਿਸ ਸਟੇਸ਼ਨ ਤਪਾ ਲਿਆਂਦਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਬੇਰਹਿਮੀ ਨਾਲ ਬੱਚੀ ਦੇ ਕੁਟਾਪੇ ਦੀ ਹੋਈ ਵਾਇਰਲ ਵੀਡੀਓ ਤੇ ਜਿੱਥੇ ਵੱਖ ਵੱਖ ਸਮਾਜ ਸੇਵੀ ਤੇ ਰਾਜਨੀਤਿਕ ਆਗੂਆਂ ਨੇ ਲੜਕੀ ਦੀ ਮਦਦ ਲਈ ਹੱਥ ਅੱਗੇ ਕੀਤਾ ਹੈ ਤਿਉਂ ਹੀ ਪਦਮਸ਼੍ਰੀ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਵੀ ਇਸ ਲੜਕੀ ਦੀ ਹਰ ਸੰਭਵ ਮਦਦ ਲਈ ਹਾਮੀ ਭਰੀ ਹੈ।