ਚਾਉਕੇ : ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ੀ ਕਿਸਾਨ ਲਗਾਤਾਰ ਧਰਨਾ ਲਗਾ ਕੇ ਬੈਠੇ ਹੋਏ ਹਨ ਅਤੇ ਸਰਕਾਰ ਨੂੰ ਮਨਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸੰਘਰਸ਼ ਵਿਚ ਕਈ ਕਿਸਾਨਾਂ ਦੀ ਜਾਨ ਵੀ ਚਲੀ ਗਈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਕਰਾੜਵਾਲਾ ਦੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕੀ ਮ੍ਰਿਤਕ ਸ਼ਿੰਗਾਰਾ ਸਿੰਘ ਉਮਰ (49 ਸਾਲ) ਪੁੱਤਰ ਬਲਦੇਵ ਸਿੰਘ ਨੰਬਰਦਾਰ ਵਾਸੀ ਪਿੰਡ ਕਰਾੜਵਾਲਾ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਕਮੇਟੀ ਦੇ ਮੈਂਬਰ ਸਨ। ਜਾਣਕਾਰੀ ਅਨੁਸਾਰ ਉਕਤ ਕਿਸਾਨ ਬੀਤੀ 17 ਅਗਸਤ ਤੋਂ ਦਿੱਲੀ ਮੋਰਚੇ ਵਿਚ ਟਿਕਰੀ ਬਾਰਡਰ 'ਤੇ ਗਿਆ ਹੋਇਆ ਸੀ। ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਅੱਜ ਪਿੰਡ ਪਰਤਣ 'ਤੇ ਉਸ ਨੂੰ ਰਾਮਪੁਰਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਕਤ ਕਿਸਾਨ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।