ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਕਮੇਟੀ (DSCMC) ਦੀਆਂ ਕੁੱਲ 46 ਸੀਟਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਨੇ 27 ਵਿੱਚ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਸਰਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 9 ਸੀਟਾਂ ਜਿੱਤ ਲਈਆਂ ਹਨ ਤੇ 6 ਸੀਟਾਂ ’ਤੇ ਅੱਗੇ ਹਨ। ਇਸ ਦੌਰਾਨ ਦੇ ਦੌਰਾਨ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਮਾੜੇ ਪ੍ਰਬੰਧ ਸਾਹਮਣੇ ਆਏ ਹਨ ਕਿਉਂਕਿ ਅਧਿਕਾਰਤ ਪਾਸਾਂ ਵਾਲੇ ਪੱਤਰਕਾਰਾਂ ਨੂੰ ਗਿਣਤੀ ਕੇਂਦਰਾਂ ਵਿੱਚ ਜਾਣ ਤੋਂ ਰੋਕਿਆ ਗਿਆ।
ਦੱਸ ਦਈਏ ਕਿ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਾਰ ਗਏ ਹਨ, ਜਦ ਕਿ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀਕੇ ਜਿੱਤ ਗਏ ਹਨ। ਉਨ੍ਹਾਂ ਨੇ 661 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਪਾਰਟੀ ਨੇ ਤਿੰਨ ਸੀਟਾਂ ਹਾਸਲ ਕੀਤੀਆਂ ਹਨ।
ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜਿੱਤ ਗਏ ਹਨ। ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ। ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ, ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਜਿੱਤ ਗਏ। ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੁਪਿੰਦਰ ਸਿੰਘ ਭੁੱਲਰ, ਵਿਵੇਕ ਵਿਹਾਰ ਤੋਂ ਜਸਵੀਰ ਸਿੰਘ ਨੋਨੀ, ਨਵੀਨ ਸ਼ਾਹਦਰਾ ਪਰਵਿੰਦਰ ਸਿੰਘ, ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ, ਉੱਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ ਜਿੱਤ ਚੁੱਕੇ ਹਨ।
ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜਿੰਦਰ ਸਿਰਸਾ ਅਕਾਲੀ ਦਲ ਵੱਲੋਂ ਮੈਂਬਰ ਨਾਮਜਦ ਕੀਤਾ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ਵਿੱਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ।
ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਹਨ, 2 ਕੋ-ਆਪਸ਼ਨ ਰਾਹੀਂ ਚੁਣੇ ਜਾਂਦੇ ਹਨ, ਸਿੰਘ ਸਭਾ ਗੁਰਦੁਆਰਿਆਂ (ਰਜਿਸਟਰਡ) ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਹਨ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਤੋਂ ਇਲਾਵਾ ਚਾਰ ਤਖ਼ਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ ਹੈ।