ਕੁਰਾਨ ਸ਼ਰੀਫ਼ ਦੀ ਕੀਤੀ ਗਈ ਬੇਅਦਬੀ
ਟੋਰਾਂਟੋ : ਸਕਾਰਬੌਰੋ ‘ਚ ਇੱਕ ਮਸਜਿਦ ਵਿੱਚ ਭੰਨ-ਤੋੜ ਕਰਨ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਉਸ ਵੇਲੇ ਪਤਾ ਚੱਲਿਆ ਜਦੋਂ ਕਿੰਗਸਟਨ ਰੋਡ ਤੇ ਬ੍ਰਿਮਲੇ ਰੋਡ ‘ਤੇ ਸਥਿਤ ਬਾਇਤੁਲ ਜਨ੍ਹਾ ਇਸਲਾਮਿਕ ਸੈਂਟਰ ‘ਤੇ ਸਥਿਤ ਮਸਜਿਦ ਐਤਵਾਰ ਸਵੇਰ ਦੀ ਨਮਾਜ਼ ਸਮੇਂ 5:30 ਵਜੇ ਖੋਲ੍ਹੀ ਗਈ। ਜਾਣਕਾਰੀ ਮੁਤਾਬਕ ਮਸਜਿਦ ‘ਚ ਨਮਾਜ਼ ਅਦਾ ਕਰਨ ਲਈ ਬਣਾਏ ਗਏ ਕਈ ਕਮਰਿਆਂ ਵਿੱਚ ਤੋੜ ਭੰਨ੍ਹ ਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਇਲਾਵਾ ਦੋ ਡੋਨੇਸ਼ਨ ਬਾਕਸ ਵੀ ਤੋੜੇ ਦਿੱਤੇ ਗਏ । ਬਾਇਤੁਲ ਜਨ੍ਹਾ ਇਸਲਾਮਿਕ ਸੈਂਟਰ ਦੇ ਪ੍ਰੈਜ਼ੀਡੈਂਟ ਅਤੀਕਾਰ ਰਹਿਮਾਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਾਡੀ ਕਮਿਊਨਿਟੀ ਨਾਲ ਹੋ ਰਿਹਾ ਹੈ ਤੇ ਸਾਡੀ ਮਸਜਿਦ ਵਿੱਚ ਹੋ ਰਿਹਾ ਹੈ। ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮਸ਼ਕੂਕ ਰਾਤ ਸਮੇਂ ਕਿਸੇ ਵੇਲੇ ਮਸਜਿਦ ਵਿੱਚ ਦਾਖਲ ਹੋਏ ਹੋਣਗੇ ਤੇ ਇਸ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਸਵੇਰ ਸਮੇਂ ਜਦੋਂ ਉਹ ਮਸਜਿਦ ਪਹੁੰਚੇ ਤਾਂ ਸਾਰੇ ਖਿੜਕੀਆਂ, ਦਰਵਾਜ਼ੇ ਖੁੱਲ੍ਹੇ ਹੋਏ ਸਨ। ਇਸ ਤੋਂ ਇਲਾਵਾ ਸਰਵੇਲੈਂਸ ਕੈਮਰੇ ਬੰਦ ਕੀਤੇ ਗਏ ਸਨ ਤੇ ਸਰਵੇਲੈਂਸ ਸਿਸਟਮ ਦਾ ਡਿਜੀਟਲ ਵੀਡੀਓ ਰਿਕਾਰਡਰ ਵੀ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੀ ਪਹਿਲਾਂ ਹੀ ਯੋਜਨਾ ਬਣਾ ਲਈ ਗਈ ਸੀ ਇਸ ਲਈ ਉਨ੍ਹਾਂ ਕੋਲ ਵਿਖਾਉਣ ਲਈ ਕੁੱਝ ਵੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਮਸਜਿਦ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।