Thursday, November 21, 2024
 

ਮਨੋਰੰਜਨ

ਖਾਨਦਾਨੀ ਪੀੜ੍ਹੀਆਂ ਦੀ ਸਾਂਝ ਨੂੰ ਦਰਸਾਉਂਦੀ ਫ਼ਿਲਮ ‘ਉੱਚਾ ਪਿੰਡ’,ਜਾਣੋ ਕਦੋਂ ਹੋਵੇਗੀ ਰਿਲੀਜ਼

August 23, 2021 08:55 AM

ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਨਿਭਾਉਣਗੇ ਮੁੱਖ ਭੂਮਿਕਾ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕ ਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵੱਟ ਲਈ ਹੈ। ‘ਉੱਚਾ ਪਿੰਡ’ ਬਾਰੇ ਇੱਕ ਲੇਖ ਪਹਿਲਾਂ ਸਕੂਲ ਦੇ ਸਿਲੇਬਸ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣ ਕੇ ਪੰਜਾਬੀ ਸਿਨਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਤੋਂ ਕਿਸੇ ਪੁਸਤਾਨੀ ਹਵੇਲੀ ਅਤੇ ਉਸ ਦੇ ਨਾਲ ਜੁੜੇ ਖਾਨਦਾਨੀ ਪੀੜ੍ਹੀਆਂ ਦੀ ਸਾਂਝ ਨਜ਼ਰ ਆਉਂਦੀ ਹੈ । ਹਰਜੀਤ ਰਿੱਕੀ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ ਐਕਸ਼ਨ, ਰੁਮਾਂਸ ਅਤੇਖਾਨਦਾਨੀ ਪ੍ਰੰਪਰਾਵਾਂ ਅਧਾਰਤ ਕਹਾਣੀ ਹੈ ।

ਫ਼ਿਲਮ ਵਿੱਚ ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸੀਸ ਦੁੱਗਲ , ਮੁਕਲ ਦੇਵ, ਲੱਖਾ ਲਹਿਰੀ, ਸੰਜੂ ਸੋਲੰਕੀ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰ ਵੀ ਆਪਣੇ ਜਬਰਦਸ਼ਤ ਕਿਰਦਾਰਾਂ ‘ਚ ਨਜ਼ਰ ਆਉਣਗੇ। ਨਿਊ ਦੀਪ ਇੰਟਰਟੈਂਨਮੈਂਟ ਅਤੇ 2 ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਇਹ ਫ਼ਿਲਮ ‘ਉੱਚਾ ਪਿੰਡ’ ਅਜੋਕੇ ਪੰਜਾਬੀ ਸਿਨਮੇ ਤੋਂ ਹਟਕੇ ਰੁਮਾਂਟਿਕ ਤੇ ਐਕਸ਼ਨ ਭਰਪੂਰ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਥੀਏਟਰ ਅਤੇ ਫ਼ਿਲਮਾਂ ਨਾਲ ਚਿਰਾਂ ਤੋਂ ਜੁੜਿਆ ਅਦਾਕਾਰ ‘ਨਵਦੀਪ ਕਲੇਰ ਅਤੇ ਚਰਚਿਤ ਖੂਬਸੁਰਤ ਅਦਾਕਾਰਾ ਪੂਨਮ ਸੂਦ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।

ਧੂਰੀ ਸ਼ਹਿਰ ਦਾ ਜੰਮਪਲ ਨਵਦੀਪ ਕਲੇਰ ਥੀਏਟਰ ਦਾ ਪਰਪੱਕ ਕਲਾਕਾਰ ਹੈ ਜਿਸ ਨੇ ਰੁਪਿੰਦਰ ਗਾਂਧੀ ਗੈਂਗਸਟਰ, ਰੁਪਿੰਦਰ ਗਾਂਧੀ ਰੋਬਿਨਹੁਡ, ਸਰਦਾਰ ਮੁਹੰਮਦ, ਸਿਕੰਦਰ 2, ਪ੍ਰਾਹੁਣਾ, ਪੱਤਾ- ਪੱਤਾ ਸਿੰਘਾਂ ਦਾ ਵੈਰੀ, ਇਕੋ ਮਿੱਕੇ ਤੇ ਬਾਲੀਵੁੱਡ ਫ਼ਿਲਮ ‘ਗੋਲਡ’ ਵਰਗੀਆਂ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ।

ਪਹਿਲੀ ਵਾਰੀ ਨਾਇਕ ਦੀ ਭੂਮਿਕਾ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ੳਸਨੇ ਕਿਹਾ ਕਿ, ‘‘ਮੈਂ ਜ਼ਿੰਦਗੀ ‘ਚ ਕੁਝ ਪਾਉਣ ਲਈ ਹਮੇਸ਼ਾ ਹੀ ਸਖ਼ਤ ਮਿਹਨਤ ਅਤੇ ਲਗਨ ਦਾ ਪੱਲਾ ਫੜ੍ਹਿਆ ਹੈ। ਕਿਸੇ ਵੀ ਕਿਰਦਾਰ ਨੂੰ ਨਿਭਾਉਦਿਆਂ ਉਸਦੇ ਧੁਰ ਅੰਦਰ ਤੱਕ ਉਤਰ ਜਾਣਾ ਹੀ ਮੇਰਾ ਸੁਭਾਓ ਹੈ। ਜਦ ਇਹ ਫ਼ਿਲਮ ਮਿਲੀ ਤਾਂ ਆਪਣੇ ਕਿਰਦਾਰ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਮੇਰੇ ਲਈ ਹੀ ਖ਼ਾਸ ਹੈ, ਜਿਸਨੂੰ ਮੈਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਵਾਨ ਕਰਕੇ ਬੇਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੇ ਕਿਰਦਾਰ ਨੂੰ ਜਰੂਰ ਪਸੰਦ ਕਰਨਗੇ’’।

ਫ਼ਿਲਮ ਦੀ ਨਾਇਕਾ ਪੂਨਮ ਸੂਦ ਬਾਰੇ ਕਹਿ ਸਕਦੇ ਹਾਂ ਕਿ ‘ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫਰੀਦਕੋਟੀਆ, ਯਾਰ ਅਣਮੁਲੇ 2, ਆਦਿ ਫ਼ਿਲਮਾਂ ਵਿੱਚ ਕੰਮ ਕਰਕੇ ਵੱਖਰੀ ਪਛਾਣ ਸਥਾਪਤ ਕਰਨ ਵਾਲੀ ਪੂਨਮ ਸੂਦ ਆਪਣੀ ਹਰਜੀਤ ਰਿੱਕੀ ਦੀ ਡਾਇਰੈਕਟ ਕੀਤੀ ਲਘੂ ਫ਼ਿਲਮ ‘ਵੰਡ ਨਾਲ ਉਹ ਪਹਿਲੀ ਵਾਰ ਚਰਚਾ ਵਿੱਚ ਆਈ ਸੀ।ਹੁਣ ਇਸ ਨਵੀਂ ਫ਼ਿਲਮ ਨਾਲ ਹੀਰੋਇਨ ਬਣ ਕੇ ਸਾਰੀ ਫ਼ਿਲਮ ਦਾ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਸੱਚਮੁਚ ਬਹੁਤ ਦਲੇਰੀ ਭਰਿਆ ਕਦਮ ਹੈ ।

ਇਸ ਫ਼ਿਲਮ ਤੋਂ ਪੂਨਮ ਨੂੰ ਬਹੁਤ ਆਸਾਂ ਹਨ। ਉਸਦਾ ਕਿਰਦਾਰ ਇਕ ਦਲੇਰ ਕੁੜੀ ਨਿੰਮੋ ਦਾ ਹੈ ਫ਼ਿਲਮ ਦੇ ਨਾਇਕ ਨਾਲ ਔਖੇ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ । ਇਸ ਨਵੀਂ ਫ਼ਿਲਮ ਵਿੱਚ ਬਤੋਰ ਨਾਇਕਾ ਕੰਮ ਕਰਕੇ ਉਹ ਬਹੁਤ ਖੁਸ਼ ਹੈ । ਯਕੀਨਣ ਦਰਸ਼ਕ ਉਸਨੂੰ ਪਸੰਦ ਕਰਨਗੇ । 3 ਸਤੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਦੇ ਨਿਰਦੇਸ਼ਕ ਹਰਜੀਤ ਰਿੱਕੀ ਨੇ ਦੱਸਿਆ ਕਿ ਇਹ ਫ਼ਿਲਮ ਰੁਮਾਂਸ ਅਤੇ ਐਕਸ਼ਨ ਭਰਪੂਰ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਨਵਾਂ ਟੇਸਟ ਦੇਵੇਗੀ।

ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਤੇ ਮਨਮੋਹਣਾ ਹੈ, ਜੋ ਜਾਨੀ ਤੇ ਬੀ ਪਰਾਕ ਨੇ ਤਿਆਰ ਕੀਤਾ ਹੈ । ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਰਿੰਦਰ ਅੰਬਰਸਰੀਆ ਨੇ ਲਿਖਆ ਹੈ ।
ਪੰਜਾਬ ਦੀ ਧਰਾਤਲ ਨਾਲ ਜੁੜੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ।

ਹਰਜਿੰਦਰ ਜਵੰਦਾ

 

Have something to say? Post your comment

Subscribe