ਯੂਬਾ ਸਿਟੀ : ਬਾਰ੍ਹਵੀਂ ਪਾਸ ਵਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਜੱਦੀ ਪਿੰਡ ਬੋਪਾਰਾਏ ਨੇੜੇ ਭੋਗਪੁਰ ਹੈ ਅਤੇ ਚੰਗੇ ਭਵਿਖ ਲਈ ਵਿਦੇਸ਼ ਗਿਆ ਸੀ ਪਰ ਉਥੇ ਭਾਣਾ ਵਾਪਰ ਗਿਆ। ਦਰਅਸਲ ਬੀਤੇ ਦਿਨ ਤੜਕੇ ਇਕ ਪੰਜਾਬੀ ਨੌਜਵਾਨ ਜਦੋਂ ਯੂਬਾ ਸਿਟੀ ਦੇ ਆੜੂਆਂ ਦੇ ਇਕ ਫਾਰਮ 'ਚੋਂ ਆਪਣਾ ਕੰਮ ਮੁਕਾ ਕੇ ਘਰ ਜਾਣ ਲਈ ਤਿਆਰ ਖੜ੍ਹਾ ਸੀ ਤਾਂ ਮੈਕਸੀਕੋ ਮੂਲ ਦੇ ਇਕ ਕਾਮੇ ਸਰਜੀਓ ਗਾਰਸੀਆ ਓਚੋਆ ਦੇ ਪਿਕ-ਅੱਪ ਟਰੱਕ ਤੇ ਟ੍ਰੇਲਰ ਵਿਚਕਾਰ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਤੇ ਲਾਸ਼ ਕਬਜ਼ੇ 'ਚ ਲੈ ਲਈ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਕੁਝ ਸਾਲ ਪਹਿਲਾਂ ਹੀ ਬਾਰਡਰ ਟੱਪ ਕੇ ਰੋਜ਼ੀ-ਰੋਟੀ ਦੀ ਤਲਾਸ਼ 'ਚ ਲੱਖਾਂ ਰੁਪਏ ਖ਼ਰਚ ਕੇ ਅਮਰੀਕਾ ਪਹੁੰਚਿਆ ਸੀ। ਇੱਥੇ ਆਪਣੇ ਰਿਸ਼ਤੇਦਾਰਾਂ ਦੇ ਘਰ ਠਹਿਰਿਆ ਹੋਇਆ ਸੀ। ਇਸ ਵੇਲੇ ਉਸ ਨੂੰ ਵਰਕ-ਪਰਮਿਟ ਮਿਲਿਆ ਹੋਇਆ ਸੀ।