ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਨੇ ਸੁਖਬੀਰ ਸਿੰਘ ਬਾਦਲ ਦੀਆਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (SAD) ਵਿਚਾਰਧਾਰਕ ਤੌਰ ’ਤੇ ਪੂਰੀ ਤਰਾਂ ਕੰਗਾਲ ਹੋ ਚੁੱਕੀ ਹੈ। ਇਹ ਪਾਰਟੀ ਡੁੱਬੇ ਹੋਏ ਬੈਂਕ ਵਰਗੀ ਹੈ, ਜਿਸ ਨੇ ਆਪਣੀ ਵਿਚਾਰਧਾਰਾ ਗਹਿਣੇ ਰੱਖੀ ਹੋਈ ਹੈ ਅਤੇ ਹੁਣ ਬਾਊਂਸ ਚੈੱਕ ਜਾਰੀ ਕਰ ਰਹੀ ਹੈ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਵਿੱਤ ਮੰਤਰੀ ਨੇ ਕਿਹਾ, “ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਡੇ ਦਰਮਿਆਨ ਵਿਚਾਰਧਾਰਕ ਮੱਤਭੇਦ ਬਾਰੇ ਬੇਤੁਕੀ ਟਿੱਪਣੀ ਕੀਤੀ ਹੈ, ਪਰ ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਉਨਾਂ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ।
ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, “ਅਕਾਲੀ ਦਲ ਉਨਾਂ ਦੋ ਅਹਿਮ ਮੁੱਦਿਆਂ ’ਤੇ ਬੁਰੀ ਤਰਾਂ ਅਸਫਲ ਰਿਹਾ ਹੈ, ਜਿਨਾਂ ਦਾ ਉਹ ਆਪਣੇ ਆਪ ਨੂੰ ਚੈਂਪੀਅਨ ਕਹਿੰਦਾ ਆ ਰਿਹਾ ਸੀ।” ਉਨਾਂ ਕਿਹਾ ਕਿ ਮੁਲਕ ਦੀ ਖੇਤੀਬਾੜੀ ਦੀ ਰੀੜ ਦੀ ਹੱਡੀ ਤੋੜਨ ਵਾਲੀ ਭਾਜਪਾ ਨਾਲ ਭਾਈਵਾਲੀ ਦੌਰਾਨ ਅਕਾਲੀ ਦਲ ਨੇ ਤਿੰਨ ਖੇਤੀ ਬਿੱਲ ਪਾਸ ਕਰਵਾ ਕੇ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਦੂਜਾ, ਅਕਾਲੀ ਦਲ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੀ ਡੌਂਡੀ ਪਿੱਟੀ ਜਾਂਦੀ ਹੈ ਪਰ ਇਸ ਪਾਰਟੀ ਨੇ ਸਿੱਖ ਭਾਈਚਾਰੇ ਨਾਲ ਹਮੇਸ਼ਾ ਦਗਾ ਕਮਾਇਆ ਅਤੇ ਉਸ ਨੂੰ ਨਿਰਾਸ਼ ਕੀਤਾ ਹੈ- ਭਾਵੇਂ ਇਹ 1979 ਵਿੱਚ ਅੰਮਿ੍ਤਸਰ ਵਿਖੇ ਵਾਪਰੀ ਘਟਨਾ ਹੋਵੇ, ਜਿਸ ਨੇ ਪੰਜਾਬ ਸੰਕਟ ਪੈਦਾ ਕੀਤਾ, ਜਾਂ ਸਾਲ 2015 ਵਿੱਚ ਬਰਗਾੜੀ ਤੇ ਹੋਰ ਥਾਵਾਂ ’ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਹੋਣ।
ਵਿੱਤ ਮੰਤਰੀ ਨੇ ਕਿਹਾ, “ਮੈਂ ਅਕਾਲੀ ਦਲ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਲੋਕ ਭਲੀ-ਭਾਂਤ ਜਾਣਦੇ ਹਨ ਕਿ ਅਕਾਲੀ ਦਲ ਵੇਲਾ ਵਿਹਾਅ ਚੁੱਕੀ ਅਤੇ ਵਿਚਾਰਧਾਰਕ ਤੌਰ ’ਤੇ ਦੀਵਾਲੀਆ ਹੋ ਚੁੱਕੀ ਪਾਰਟੀ ਹੈ, ਜੋ ਫੇਲ ਹੋ ਚੁੱਕੇ ਬੈਂਕ ਵਾਂਗ ਬਾਊਂਸ ਚੈੱਕ ਜਾਰੀ ਕਰ ਰਹੀ ਹੈ।’’