ਅਸਾਮ : ਇਥੋਂ ਦੇ ਚਰਾਇਡੋ ਜ਼ਿਲ੍ਹੇ ਤੋਂ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਮਨੁੱਖੀ ਬਲੀ ਦੇ ਮਾਮਲੇ ਵਿਚ ਪੰਜ ਸਾਲਾ ਬੱਚੀ ਦਾ ਕਤਲ ਕਰ ਦਿਤਾ ਗਿਆ ਹੈ। ਇਸੇ ਮਾਮਲੇ ਵਿਚ ਪੁਲਿਸ ਨੇ ਇੱਕ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਤਾਜਾ ਮਿਲੀ ਜਾਣਕਾਰੀ ਅਨੁਸਾਰ ਪੰਜ ਭੈਣ-ਭਰਾਵਾਂ ਵਿਚੋਂ ਇਕ ਬੱਚੀ ਨੂੰ ਉਸ ਵੇਲੇ ਘਰੋਂ ਅਗ਼ਵਾ ਕਰ ਲਿਆ ਗਿਆ ਜਦੋਂ ਉਹ ਸੌਂ ਰਹੀ ਸੀ। ਉਸੇ ਸਮੇਂ, ਉਸਦੀ ਵੱਡੀ ਭੈਣ ਨੇ ਸੇਫਰਾਏ ਪੁਲਸ ਸਟੇਸ਼ਨ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਜਾਂਚ ਵਿਚ ਲੜਕੀ ਦੀ ਲਾਸ਼ ਸਿੰਗਲੂ ਨਦੀ ਕੋਲੋਂ ਬਰਾਮਦ ਕੀਤੀ ਗਈ ਸੀ ਅਤੇ ਲਾਲ ਕੱਪੜੇ ਦੇ ਨਾਲ ਸੁਆਹ ਅਤੇ ਤਾਂਤਰਿਕ ਰੀਤੀ ਰਿਵਾਜ਼ਾਂ ਵਿਚ ਵਰਤੀ ਜਾਣ ਵਾਲੀ ਹੋਰ ਸਮਗਰੀ ਵੀ ਨਦੀ ਦੇ ਕੰਢੇ ਤੋਂ ਮਿਲੀ ਸੀ, ਜੋ ਇਹ ਦਰਸਾਉਂਦਾ ਹੈ ਕਿ ਇਹ ਮਨੁੱਖੀ ਬਲੀ ਹੈ। ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਮਲੇ ਦੇ ਮੁੱਖ ਦੋਸ਼ੀ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਬਲੀ ਦੇ ਕੋਣ ਤੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਲਾਕੇ ਦੇ ਆਦਿਵਾਸੀ ਬਹੁਲ ਚਾਹ ਦੇ ਬਾਗਾਂ ਵਿਚ ਮਨੁੱਖੀ ਬਲੀ ਦੇਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 2016 ਵਿਚ, ਇੱਕ ਚਾਰ ਸਾਲ ਦੀ ਬੱਚੀ ਇਲਾਕੇ ਦੇ ਇੱਕ ਹੋਰ ਚਾਹ ਦੇ ਬਾਗ਼ ਤੋਂ ਲਾਪਤਾ ਹੋ ਗਈ ਸੀ ਅਤੇ ਉਸਦੀ ਵਿਗਾੜੀ ਹੋਈ ਲਾਸ਼ ਕੁਝ ਦਿਨਾਂ ਬਾਅਦ ਬਰਾਮਦ ਹੋਈ ਸੀ।