ਬਰਨਾਲਾ : ਇਥੇ ਇਕ ਮ੍ਰਿਤਕ ਬਿਰਧ ਔਰਤ ਨੂੰ ਦੋ ਮਹੀਨੇ ਮਗਰੋਂ ਕੋਵਿਡ-19 ਰੋਕੂ ਵੈਕਸੀਨ ਦੀ ਦੂਜੀ ਖੁਰਾਕ ਦੇਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਜਿਸ ਪਿੱਛੋਂ ਸਿਹਤ ਵਿਭਾਗ ਸਵਾਲਾਂ ਦੇ ਘੇਰੇ 'ਚ ਘਿਰਦਾ ਨਜ਼ਰ ਆ ਰਿਹਾ ਹੈ। ਸਥਾਨਕ ਗੋਬਿੰਦ ਕਲੋਨੀ, ਗਲੀ ਨੰਬਰ 6 ਦੇ ਵਸਨੀਕ ਮ੍ਰਿਤਕ ਔਰਤ ਦੇ ਪੁੱਤਰ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸ਼ਾਂਤੀ ਦੇਵੀ ਪਤਨੀ ਲੇਟ ਕੌਰ ਚੰਦ ਦੇ ਉਨਾਂ ਨੇ ਪਹਿਲੀ ਡੋਜ 10 ਅਪ੍ਰੈਲ 2021 ਨੂੰ ਲਗਵਾਈ ਸੀ। ਜਿਸ ਪਿੱਛੋਂ ਉਨ੍ਹਾਂ ਦੀ ਮਾਤਾ ਸ਼ਾਂਤੀ ਦੇਵੀ (73) ਦੀ 9 ਮਈ 2021 ਨੂੰ ਅਚਾਨਕ ਹੀ ਮੌਤ ਹੋ ਗਈ ਤੇ ਉਨਾਂ ਨੇ ਮਾਤਾ ਦੇ ਸਸਕਾਰ ਉਪਰੰਤ ਮੌਤ ਸਰਟੀਫਿਕੇਟ ਲਈ ਵਿਭਾਗ ਕੋਲ ਅਪਲਾਈ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਤ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਨੂੰ ਸਿਰਫ਼ ਇੱਕੋ ਡੋਜ ਵੈਕਸੀਨ ਹੀ ਲੱਗੀ ਸੀ ਜਦਕਿ ਦੂਜੀ ਲਾਉਣ ਤੋਂ ਪਹਿਲਾਂ ਹੀ ਮਾਤਾ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਅਚਾਨਕ ਹੀ ਜਦ ਉਨ੍ਹਾਂ ਨੇ ਸਮੁੱਚੇ ਪਰਿਵਾਰ ਦੇ ਕੋਵਿਡ- 19 ਵੈਕਸੀਨ ਲਗਵਾਉਣ ਸਬੰਧੀ ਸਿਹਤ ਵਿਭਾਗ ਬਰਨਾਲਾ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ ਚੈੱਕ ਕੀਤੇ ਤਾਂ ਮਾਤਾ ਸ਼ਾਂਤੀ ਦੇਵੀ ਦਾ ਸਰਟੀਫਿਕੇਟ ਦੇਖ ਕੇ ਉਹ ਦੰਗ ਰਹਿ ਗਏ। ਜਿਸ ਵਿੱਚ ਸਿਹਤ ਵਿਭਾਗ ਬਰਨਾਲਾ ਵੱਲੋਂ ਉਨ੍ਹਾਂ ਦੀ ਮਾਤਾ ਸ਼ਾਂਤੀ ਦੇਵੀ ਨੂੰ ਦੂਜੀ ਡੋਜ ਦੇਣ ਬਾਰੇ ਵੀ ਲਿਖਿਆ ਹੋਇਆ ਹੈ ਜਦਕਿ ਉਨਾਂ ਦੀ ਮਾਤਾ ਨੂੰ ਦੂਜੀ ਡੋਜ ਤਾਂ ਲੱਗ ਹੀ ਨਹੀਂ ਸਕੀ। ਉਨ੍ਹਾਂ ਕਿਹਾ ਕਿ ਕੋਵਿਡ- 19 ਰੋਕੂ ਵੈਕਸੀਨ ਦੀ ਦੂਜੀ ਖੁਰਾਕ ਸਬੰਧੀ ਸਥਾਨਕ ਸਿਹਤ ਵਿਭਾਗ ਦੇ ਸਬੰਧਿਤ ਕਰਮਚਾਰੀ ਵੱਲੋਂ ਜਾਰੀ ਕੀਤਾ ਗਿਆ ਇਹ ਸਰਟੀਫਿਕੇਟ ਕਲੈਰੀਕਲ ਗਲਤੀ ਵੀ ਹੋ ਸਕਦੀ ਹੈ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਹੋ ਸਕਦਾ ਹੈ। ਉਕਤ ਮਾਮਲੇ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ਼ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਕਤ ਮਾਮਲਾ ਤੁਹਾਡੇ ਦੁਆਰਾ ਧਿਆਨ 'ਚ ਲਿਆਂਦੇ ਜਾਣ 'ਤੇ ਹੀ ਉਨ੍ਹਾਂ ਨੂੰ ਪਤਾ ਚੱਲਿਆ ਹੈ, ਜਿਸ ਸਬੰਧੀ ਜਾਂਚ ਪਿੱਛੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।