ਧਾਰੀਵਾਲ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਵੀਨਾ ਨੂੰ ਕੀ ਪਤਾ ਸੀ ਕਿ ਉਹ ਕਰਜ਼ਾ ਉਤਾਰਦੀ ਉਤਾਰਦੀ ਅਪਣੇ ਉਪਰ ਪਤੀ ਦੀ ਮੌਤ ਦਾ ਬੋਝ ਵੀ ਪਾ ਲਵੇਗੀ। ਅਪਣੇ ਪਰਵਾਰ 'ਤੇ ਚੜ੍ਹੇ ਕਰਜ਼ੇ ਨੂੰ ਲਾਹੁਣ ਲਈ ਵੀਨਾ ਇਕ ਸਾਲ ਪਹਿਲਾਂ ਕੁਵੈਤ ਗਈ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਜੋ ਸੁਪਨੇ ਉਸਨੇ ਸੰਜੋਏ ਨੇ ਉਹ ਚੱਕਨਾਚੂਰ ਹੋ ਜਾਣਗੇ। ਵਿਦੇਸ਼ੀ ਧਰਤੀ 'ਤੇ ਹਾਊਸ ਕੀਪਿੰਗ ਦਾ ਕੰਮ ਕਰਨ ਗਈ ਵੀਨਾ ਉਥੇ ਫਸ ਗਈ ਹੈ ਜਦਕਿ ਪਿੱਛੇ ਪਤਨੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਪਤੀ ਦੀ ਮੌਤ ਹੋ ਗਈ ਹੈ। ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਤੇ ਮਾਂ ਸੱਤ ਸਮੁੰਦਰਾਂ ਪਾਰ ਤਸ਼ੱਦਦ ਚੱਲ ਰਹੀ ਹੈ। ਘਰ 'ਚ ਇਕੱਲੇ ਰਹਿ ਰਹੇ ਬੱਚਿਆਂ ਨੇ ਆਪਣੀ ਮਾਂ ਦੀ ਵਤਨ ਵਾਪਸੀ ਦੀ ਸਰਕਾਰ ਅੱਗੇ ਗੁਹਾਰ ਲਗਾਈ ਹੈ।
ਮਾਂ ਦਾ ਰਾਹ ਦੇਖ ਰਹੇ ਬੱਚੇ ਵਿਦੇਸ਼ ਮੰਤਰਾਲੇ ਗਏ ਤੇ ਕਈ ਨੇਤਾਵਾਂ ਨੂੰ ਵੀ ਮਿਲੇ ਪਰ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜ੍ਹੀ। ਮਾਂ ਦੀ ਉਡੀਕ ਕਰ ਰਹੇ ਇਨ੍ਹਾਂ ਬੱਚਿਆਂ ਨੇ ਏਜੰਟ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।
ਇਨ੍ਹਾਂ ਮਾਸੂਮ ਬਚਿਆਂ ਦਾ ਪਿਤਾ ਇਸ ਦੁਨੀਆਂ 'ਚ ਨਹੀਂ ਰਿਹਾ। ਇਨ੍ਹਾਂ ਦਾ ਜੇਕਰ ਕੋਈ ਸਹਾਰਾ ਹੈ ਤਾਂ ਉਹ ਮਾਂ ਹੈ, ਜੋ 7 ਸਮੁੰਦਰਾਂ ਪਾਰ ਫਸੀ ਹੋਈ ਹੈ। ਇਹ ਬੱਚੇ ਬਸ ਇਹੀ ਚਾਹੁੰਦੇ ਨੇ ਕਿ ਉਨ੍ਹਾਂ ਦੀ ਮਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।