ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਦੀ ਕੈਂਟੀਨ 'ਚ ਪਰੋਸੇ ਗਏ ਸ਼ਾਕਾਹਾਰੀ ਭੋਜਨ ਵਿਚ ਮੀਟ ਦੇ ਟੁੱਕੜੇ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਤੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਇਸ ਦੀ ਜਾਂਚ ਹੋਵੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਅਜਿਤ ਪਵਾਰ ਨੇ ਜਦੋਂ ਇਹ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਤਾਂ ਫੜਨਵੀਸ ਨੇ ਕਿਹਾ ਕਿ ਕੈਂਟੀਨ ਪ੍ਰਬੰਧਨ ਨੂੰ ਇਸ ਗੱਲ ਦੇ ਸਖਤ ਨਿਰਦੇਸ਼ ਦਿੱਤੇ ਜਾਣਗੇ ਕਿ ਅਜਿਹੀ ਘਟਨਾ ਭਵਿੱਖ ਵਿਚ ਮੁੜ ਨਾ ਹੋਵੇ। ਦਰਅਸਲ ਬੁੱਧਵਾਰ ਨੂੰ ਇਕ ਸਰਕਾਰੀ ਅਧਿਕਾਰੀ ਨੇ ਕੈਂਟੀਨ ਤੋਂ 'ਮਟਕੀ ਉਸਲ' (ਸ਼ਾਕਾਹਾਰੀ ਮਹਾਰਾਸ਼ਟਰੀ ਭੋਜਨ) ਪਰੋਸਣ ਨੂੰ ਕਿਹਾ ਤਾਂ ਉਸ ਵਿਚ ਉਨ੍ਹਾਂ ਨੂੰ ਮੀਟ ਦੇ ਟੁੱਕੜੇ ਮਿਲੇ। ਜਦੋਂ ਪਵਾਰ ਨੇ ਇਹ ਮਾਮਲਾ ਚੁੱਕਿਆ ਤਾਂ ਕਾਂਗਰਸ ਵਿਧਾਇਕ ਵਿਜੇ ਵਡੇਟੀਵਾਰ ਨੇ ਸਦਨ ਨੂੰ ਦੱਸਿਆ ਕਿ ਨਾਗਪੁਰ ਦੇ ਇਕ ਸਰਕਾਰੀ ਮੈਡੀਕਲ ਕਾਲਜ ਵਿਚ ਇਕ ਮਰੀਜ਼ ਦੇ ਖਾਣੇ ਵਿਚ ਗੋਹਾ ਪਾਇਆ ਗਿਆ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ (ਹਸਪਤਾਲ ਦੀ ਘਟਨਾ ਦੇ) ਦੋਸ਼ੀ ਨੂੰ ਸਸਪੈਂਡ ਕੀਤਾ ਜਾਵੇਗਾ।