ਕਪੂਰਥਲਾ :ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ CRPF ਵੱਲੋਂ ਜੇਲ ਪੁਲਿਸ ਦੀ ਸਹਾਇਤਾ ਨਾਲ ਕੀਤੀ ਗਈ ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ADGP ਜੇਲ੍ਹ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲ੍ਹਾਂ ’ਚ ਚੱਲ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ‘ਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਬਲਜਿੰਦਰ ਸਿੰਘ ਉਰਫ ਬੱਲੂ ਪੁੱਤਰ ਗੁਰਦੇਵ ਸਿੰਘ ਵਾਸੀ ਕੋਟ ਕਿਸ਼ਨ ਚੰਦ ਜਲੰਧਰ ਤੋਂ 4 ਗ੍ਰਾਮ 75 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਦਕਿ ਦੂਜੇ ਪਾਸੇ ਪੁਲਿਸ ਟੀਮਾਂ ਨੇ ਰਗਵਿੰਦਰ ਸਿੰਘ ਉਰਫ ਰਾਜੂ ਪੁੱਤਰ ਰਾਮਧਾਰ ਵਾਸੀ ਰੁੜਕਾ ਗੁਰਾਇਆ ਕੋਲੋਂ 4 ਗ੍ਰਾਮ 50 ਮਿਲੀਗ੍ਰਾਮ ਨਸ਼ੀਲਾ ਪਦਾਰਥ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ।
ਦੋਵਾਂ ਮੁਲਜ਼ਜਮਾਂ ਤੱਕ ਜੇਲ ਕੰਪਲੈਕਸ ਦੇ ਅੰਦਰ ਨਸ਼ੀਲੇ ਪਦਾਰਥ ਤੇ ਮੋਬਾਇਲ ਫੋਨ ਕਿਵੇਂ ਪਹੁੰਚੇ ਅਤੇ ਇਨ੍ਹਾਂ ਨੂੰ ਪਹੁੰਚਾਉਣ ਵਾਲੇ ਵਿਅਕਤੀ ਕੌਣ ਸਨ ਇਸ ਸਬੰਧੀ ਪੁੱਛਗਿੱਛ ਲਈ ਜਲਦੀ ਹੀ ਦੋਵਾਂ ਨੂੰ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਾਫੀ ਖੁਲਾਸੇ ਹੋ ਸਕਦੇ ਹਨ। ਇਸ ਸਬੰਧੀ ਕਈ ਗ੍ਰਿ੍ਰਵੀ ਹੋ ਸਕਦੀਆਂ ਹਨ। ਗੌਰ ਹੋਵੇ ਕਿ ਜਦੋਂ ਤੋਂ CRPF ਨੇ ਕੇਂਦਰੀ ਜੇਲ੍ਹ ’ਚ ਸਰਚ ਮੁਹਿੰਮ ਤੇਜ਼ ਕੀਤੀ ਹੈ, ਉਦੋਂ ਤੋਂ ਜੇਲ੍ਹ ਪਰਿਸਰ ’ਚੋਂ ਵੱਡੀ ਮਾਤਰਾ ’ਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਖੁਲਾਸਿਆਂ ਨਾਲ ਕਪੂਰਥਲਾ ਪੁਲਿਸ ਨੇ ਕਈ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ।