ਜਲੰਧਰ : ਥਾਣਾ ਨੰਬਰ 5 ਦੀ ਹੱਦ ’ਚ ਪੈਂਦੇ ਨਿਊ ਗੋਬਿੰਦ ਨਗਰ ’ਚ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਪੇਕੇ ਜਾਣ ਤੋਂ ਦੁਖੀ ਹੋ ਕੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਰੋਹਿਤ ਵਾਸੀ ਨਿਊ ਗੋਬਿੰਦ ਨਗਰ ਜੋ ਕਿ ਇਕ ਫੈਕਟਰੀ ਵਿਚ ਮਜ਼ਦੂਰੀ ਕਰਦਾ ਹੈ ਨੇ ਅੱਜ ਆਪਣੇ ਕਿਰਾਏ ਦੇ ਮਕਾਨ ’ਚ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।
ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਰੋਹਿਤ ਨਾਲ ਕੰਮ ਕਰਨ ਵਾਲੇ ਉਸ ਦੇ ਸਾਥੀ ਫੈਕਟਰੀ ਜਾਣ ਲਈ ਉਸ ਨੂੰ ਬੁਲਾਉਣ ਉਸਦੇ ਕਮਰੇ ’ਚ ਆਏ ਸਨ। ਜਦ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਅੰਦਰ ਰੋਹਿਤ ਦੀ ਲਾਸ਼ ਫਾਹੇ ’ਤੇ ਲਟਕ ਰਹੀ ਸੀ। ਉਨ੍ਹਾਂ ਇਸ ਦੀ ਜਾਣਕਾਰੀ ਥਾਣਾ ਪੰਜ ਦੀ ਪੁਲਿਸ ਨੂੰ ਕੀਤੀ ਜੋ ਤੁਰੰਤ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ। ਮੁੱਢਲੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਰੋਹਿਤ ਦਾ ਆਪਣੀ ਪਤਨੀ ਨਾਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ। ਉਸ ਦਿਨ ਤੋਂ ਹੀ ਰੋਹਿਤ ਕਾਫੀ ਦੁਖੀ ਸੀ। ਹੋ ਸਕਦਾ ਹੈ ਕਿ ਇਸੇ ਕਾਰਨ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੋਵੇ। ਫਿਲਹਾਲ ਪੁਲੀਸ ਰੋਹਿਤ ਦੇ ਘਰਵਾਲੀਆਂ ਦੀ ਉਡੀਕ ਕਰ ਰਹੀ ਹੈ ਜਿਨ੍ਹਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇ।