ਮੋਰਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਉਥੇ ਪਹੁੰਚਣ ’ਤੇ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੱਧੂ ਮੋਰਿੰਡਾ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸਥਿਤ ਗੁਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਨਣ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਉਤਸ਼ਾਹ ਭਰਿਆ ਹੋਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਬੋਲਿਆ ਅਤੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ। ਅੰਦੋਲਨ ‘ਚ ਬੈਠੇ ਬਜ਼ੁਰਗ ਮੇਰੇ ਮਾਂ-ਪਿਓ ਹਨ ਅਤੇ ਮੈਂ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਨੰਗੇ ਪੈਰੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਹਰ ਵਾਰ ਅੱਗੇ ਹੋ ਕੇ ਕਿਸਾਨੀ ਅੰਦੋਲਨ ‘ਚ ਹਿੱਸਾ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਇਸ ਅੰਦੋਲਨ ਦੀ ਕਿੰਨੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਲਾਗਤ, ਘੱਟ ਰਹੀ ਉਪਜ ਅਤੇ ਘੱਟ ਰਹੀ ਆਮਦਨ ਕਿਸਾਨ ਨੂੰ ਮਜਬੂਰ ਕਰ ਰਹੀ ਹੈ ਇਹ ਅੰਦੋਲਨ ਕਰਨ ਲਈ। ਇਸ ਮਸਲੇ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈ ਕਿਸਾਨਾਂ ਤੋਂ ਸੁਝਾਅ ਲਵਾਂਗਾ ਕਿ ਸਾਡੇ ਸਟੇਟ ਦੀ ਜੋ ਤਾਕਤ ਹੈ ਉਹ ਇਸ ਕਿਸਾਨ ਮੋਰਚੇ ਦੀ ਤਾਕਤ ਕਿਸ ਤਰੀਕੇ ਨਾਲ ਬਣ ਸਕਦੀ ਹੈ।
ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ